WTC ਫਾਈਨਲ ਡਰਾਅ ਜਾਂ ਟਾਈ ਹੋਇਆ ਤਾਂ ਕੀ ਹੋਵੇਗਾ, ਟੀਮ ਇੰਡੀਆ ਨੂੰ ਨਿਯਮ ਤੇ ਸ਼ਰਤਾਂ ਦੀ ਉਡੀਕ

Thursday, May 20, 2021 - 12:10 PM (IST)

ਸਪੋਰਟਸ ਡੈਸਕ : ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ 18 ਤੋਂ 22 ਜੂਨ ਤਕ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵੱਲੋਂ ਜਾਰੀ ਹੋਣ ਵਾਲੀਆਂ ‘ਪਲੇਇੰਗ ਕੰਡੀਸ਼ਨਜ਼ (ਮੈਚ ਨਾਲ ਜੁੜੀਆਂ ਹਾਲਤਾਂ ਸਬੰਧੀ ਨਿਯਮ ਤੇ ਸ਼ਰਤਾਂ)’ ਦੀ ਉਡੀਕ ਕਰ ਰਹੀ ਹੈ। ਇਸ ਨਾਲ ਹੀ ਸਾਊਥੰਪਟਨ ’ਚ ਖੇਡੇ ਜਾਣ ਵਾਲੇ ਇਸ ਮੁਕਾਬਲੇ ਦੇ ਡਰਾਅ ਜਾਂ ਟਾਈ ਹੋਣ ਦੀ ਹਾਲਤ ’ਚ ਕੀ ਹੋਵੇਗਾ ? ਜੇ ਮੈਚ ਬਾਰਿਸ਼ ਦੀ ਭੇਟ ਚੜ੍ਹ ਗਿਆ ਤਾਂ ਕੀ ਹੋਵੇਗਾ ? ਵਰਗੇ ਕੁਝ ਸਵਾਲਾਂ ਦਾ ਜਵਾਬ ਮਿਲੇਗਾ। ਉਮੀਦ ਹੈ ਕਿ ਆਈ. ਸੀ. ਸੀ. ਆਉਣ ਵਾਲੇ ਕੁਝ ਦਿਨਾਂ ’ਚ ‘ਪਲੇਇੰਗ ਕੰਡੀਸ਼ਨਜ਼’ ਨੂੰ ਜਾਰੀ ਕਰੇਗਾ।

PunjabKesari

ਭਾਰਤੀ ਟੀਮ ਦੇ ਸੰਪਰਕ ’ਚ ਰਹਿਣ ਵਾਲੇ ਇਕ ਅਧਿਕਾਰੀ ਨੇ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਇਹ ਇਕ ਹੋਰ ਦੋ ਪੱਖੀ ਸੀਰੀਜ਼ ਜਾਂ ਟੈਸਟ ਮੈਚ ਨਹੀਂ ਹੈ, ਇਸ ਲਈ ਸਾਨੂੰ ਖੇਡਣ ਦੀਆਂ ਵੱਖ-ਵੱਖ ਹਾਲਤਾਂ ਤੇ ਉਨ੍ਹਾਂ ਦੇ ਹੱਲ ਬਾਰੇ ਜਾਣਨ ਦੀ ਲੋੜ ਹੈ। ਅਸੀਂ ਤਿੰਨ ਬੁਨਿਆਦੀ ਚੀਜ਼ਾਂ ਬਾਰੇ ਜਾਣਨਾ ਚਾਹੁੰਦੇ ਹਾਂ। ਮੇਚ ਡਰਾਅ, ਟਾਈ ਜਾਂ ਦੋਵਾਂ ਟੀਮਾਂ ਦੇ ਇਕ ਵੀ ਪਾਰੀ ਦੇ ਪੂਰਾ ਹੋਏ ਬਿਨਾਂ ਬਾਰਿਸ਼ ਕਾਰਨ ਪ੍ਰਭਾਵਿਤ ਹੋਇਆ ਤਾਂ ਕੀ ਹੋਵੇਗਾ।
ਉਨ੍ਹਾਂ ਕਿਹਾ ਕਿ ਆਈ. ਸੀ. ਸੀ. ਆਉਣ ਵਾਲੇ ਦਿਨਾਂ ’ਚ ਪਲੇਇੰਗ ਕੰਡੀਸ਼ਨਜ਼ ਨੂੰ ਪ੍ਰਕਾਸ਼ਿਤ ਕਰੇਗਾ। ਅਸੀਂ ਤਾਰੀਖ ਨਹੀਂ ਦੇ ਸਕਦੇ ਪਰ ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਨੂੰ ਜਲਦ ਹੀ ਭੇਜਣਗੇ। ਭਾਰਤੀ ਟੀਮ ਇੰਗਲੈਂਡ-ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਟੈਸਟ ਦੌਰਾਨ ਸਾਊਥੰਪਟਨ ’ਚ ਇਕਾਂਤਵਾਸ ’ਤੇ ਰਹੇਗੀ। ਭਾਰਤੀ ਟੀਮ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਲੰਡਨ ਪਹੁੰਚਣ ਤੋਂ ਬਾਅਦ ਤੁਰੰਤ ਸਾਊਥੰਪਟਨ ਲਈ ਰਵਾਨਾ ਹੋਣ ਦੀ ਉਮੀਦ ਹੈ। ਟੀਮ ਬੱਬਲ ਬਾਊਲ ’ਚ ਇੰਗਲੈਂਡ ਬਨਾਮ ਨਿਊਜ਼ੀਲੈਂਡ ਟੈਸਟ ਮੈਚ ਦੌਰਾਨ ਏਕਾਂਤਵਾਸ ’ਚ ਹੋਵੇਗੀ।

PunjabKesari

ਉਨ੍ਹਾਂ ਕਿਹਾ ਕਿ ਹਾਂ, ਨਿਊਜ਼ੀਲੈਡ ਤੇ ਇੰਗਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਸਾਊਥੰਪਟਨ ’ਚ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਆਈ. ਸੀ. ਸੀ. ਅਗਲੇ ਕੁਝ ਦਿਨਾਂ ’ਚ ਹਲਕੇ ਇਕਾਤਵਾਸ ਨੂੰ ਲੈ ਕੇ ਸਥਿਤੀ ਸਾਫ ਕਰੇਗਾ ਕਿਉਂਕਿ ਇਹ ਆਈ. ਸੀ. ਸੀ. ਦਾ ਪ੍ਰੋਗਰਾਮ ਹੈ, ਇਸ ਲਈ ਅੰਤਿਮ ਸੂਚਨਾ ਉਨ੍ਹਾਂ ਵੱਲੋਂ ਹੀ ਆਉੇਣ ਦੀ ਜ਼ਰੂਰਤ ਹੈ। ਭਾਰਤੀ ਟੀਮ ਆਪਣੇ ਹਲਕੇ ਇਕਾਂਤਵਾਸ ਦੌਰਾਨ ਅਭਿਆਸ ਦੀ ਉਮੀਦ ਕਰ ਰਹੀ ਹੈ ਪਰ ਇਸ ਦੀ ਮਿਆਦ ਬਾਰੇ ਗੱਲਬਾਤ ਅਜੇ ਵੀ ਜਾਰੀ ਹੈ। ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਮੁੰਬਈ ਦੇ ਖਿਡਾਰੀ 24 ਮਈ ਨੂੰ ਸਥਾਨਕ ਬਾਇਓ ਬਬਲ (ਜੈਵ ਸੁਰੱਖਿਅਤ ਮਾਹੌਲ) ’ਚ ਜੁੜਨਗੇ।
ਮਯੰਕ ਅਗਰਵਾਲ, ਰਵੀਚੰਦਰਨ ਅਸ਼ਵਿਨ, ਗੇਂਦਬਾਜ਼ੀ ਕੋਚ ਭਰਤ ਅਰੁਣ ਬੁੱਧਵਾਰ ਨੂੰ ਚੇਨਈ ਤੋਂ ਚਾਰਟਰਡ ਜਹਾਜ਼ ਰਾਹੀਂ ਮੁੰਬਈ ਪਹੁੰਚੇ, ਜਦਕਿ ਮੁਹੰਮਦ ਸਿਰਾਜ, ਪੁਰਸ਼ ਟੀਮ ਦੇ ਫੀਲਡਿੰਗ ਕੋਚ ਆਰ. ਸ਼੍ਰੀਧਰ, ਮਹਿਲਾ ਟੈਸਟ ਤੇ ਇਕ ਦਿਨਾ ਕਪਤਾਨ ਮਿਤਾਲੀ ਰਾਜ ਹੈਦਰਾਬਾਦ ਤੋਂ ਜਹਾਜ਼ ’ਚ ਸਵਾਰ ਹੋਣਗੇ। ਮੁੰਬਈ, ਪੁਣੇ ਤੇ ਇਸ ਤੇ ਆਸ ਪਾਸ ਰਹਿਣ ਵਾਲੇ ਖਿਡਾਰੀ 24 ਮਈ ਨੂੰ ਬਾਇਓ ਬਬਲ ’ਚ ਜੁੜਨਗੇ। ਇਸ ’ਚ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਅਜਿੰਕਯ ਰਹਾਨੇ, ਰੋਹਿਤ ਸ਼ਰਮਾ ਤੇ ਮਹਿਲਾ ਟੀਮ ਦੀ ਖਿਡਾਰੀ ਜੇਮਿਮਾਹ ਰੋਡਰਿੰਗਜ਼ ਸ਼ਾਮਲ ਹਨ। ਐਪੇਂਡਿਸਾਈਟਿਸ ਦੇ ਆਪ੍ਰੇਸ਼ਨ ਤੋਂ ਉੱਭਰ ਰਹੇ ਲੋਕੇਸ਼ ਰਾਹੁਲ ਵੀ ਮੁੰਬਈ ’ਚ ਹਨ ਤੇ 24 ਮਈ ਨੂੰ ਬਾਇਓ ਬਬਲ ’ਚ ਸ਼ਾਮਲ ਹੋਣ ਦੀ ਉਮੀਦ ਹੈ।

 

ਬੀ. ਸੀ. ਸੀ. ਆਈ. ਨੇ ਪੁਰਸ਼ ਤੇ ਮਹਿਲਾ ਟੀਮ ਲਈ ਦਿੱਲੀ, ਹੈਦਰਾਬਾਦ ਤੇ ਚੇਨਈ ’ਚ ਤਿੰਨ ਚਾਰਟਰਡ ਜਹਾਜ਼ਾਂ ਦੀ ਵਿਵਸਥਾ ਕੀਤੀ ਹੈ। ਅਜਿਹੇ ਖਿਡਾਰੀ ਜਾਂ ਸਹਿਯੋਗੀ ਮੈਂਬਰ ਇਨ੍ਹਾਂ ਤਿੰਨਾਂ ਸ਼ਹਿਰਾਂ ’ਚ ਨਹੀਂ ਹਨ, ਉਨ੍ਹਾਂ ਨੂੰ ਨਿੱਜੀ ਕਾਰ ਨਾਲ ਆਪਣੀਆਂ ਆਪਣੀਆਂ ਉਡਾਣਾਂ ਲਈ ਸਮੇਂ ਸਿਰ ਪਹੁੰਚਣਾ ਹੋਵੇਗਾ। ਕੁਝ ਖਿਡਾਰੀਆਂ ਨੂੰ ਕੋਰੋਨਾ ਦੀ ਨੈਗੇਟਿਵ ਜਾਂਚ ਰਿਪੋਰਟ ਦੇ ਨਾਲ ਬਿਜ਼ਨੈੱਸ ਕਲਾਸ ਜਹਾਜ਼ ’ਚ ਆਉਣ ਦੀ ਇਜ਼ਾਜਤ ਦਿੱਤੀ ਗਈ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਾਰਟਰਡ ਜਹਾਜ਼ ਰਾਹੀਂ ਆਉਣ ਵਾਲੇ ਖਿਡਾਰੀਆਂ ਦੇ ਕਾਰ ਚਾਲਕ ਨੂੰ ਵੀ ਯਾਤਰਾ ਸ਼ੁਰੂ ਕਰਨ ਤੋਂ ਤਿੰਨ ਦਿਨ ਪਹਿਲਾਂ ਇਕਾਂਤਵਾਸ ’ਚ ਰਹਿਣਾ ਹੋਵੇਗਾ ਤੇ ਆਰ. ਟੀ.-ਪੀ. ਸੀ. ਆਰ. ਜਾਂਚ ਨੈਗੇਟਿਵ ਰਹਿਣੀ ਹੋਵੇਗੀ।
ਸੋਮਵਾਰ ਤੇ ਬੁੱਧਵਾਰ ਨੂੰ ਬਾਇਓ ਬਬਲ ’ਚ ਸ਼ਾਮਲ ਹੋਣ ਵਾਲੇ ਸਾਰੇ ਖਿਡਾਰੀਆਂ ਨੂੰ ਆਰ. ਟੀ. ਪੀ. ਸੀ. ਆਰ. ਜਾਂਚ ਦੇ ਨੈਗੇਟਿਵ ਰਿਪੋਰਟ ਨਾਲ ਆਉਣਾ ਹੋਵੇਗਾ। ਸਾਰਿਆਂ ਨੂੰ ਇਕ ਦਿਨ ਵਿਚਾਲੇ ਤਿੰਨ ਹੋਰ ਜਾਂਚ ’ਚੋਂ ਲੰਘਣਾ ਹੋਵੇਗਾ। ਲੰਡਨ ਲਈ ਉਡਾਣ ਭਰਨ ਤੋਂ ਪਹਿਲਾਂ ਪੁਰਸ਼ ਤੇ ਮਹਿਲਾ ਮੈਂਬਰਾਂ ਨੂੰ ਛੇ ਆਰ. ਟੀ. ਪੀ. ਸੀ. ਆਰ. ਨੈਗੇਟਿਵ ਰਿਪੋਰਟ ਆਪਣੇ ਕੋਲ ਰੱਖਣੀ ਹੋਵੇਗੀ। ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਤੇ ਰਿਧੀਮਾਨ ਸਾਹਾ ਨੂੰ ਬਾਇਓ ਬਬਲ ’ਚ ਸ਼ਾਮਲ ਨਾ ਹੋਣ ਦੀ ਛੋਟ ਦਿੱਤੀ ਗਈ ਹੈ।


Manoj

Content Editor

Related News