ਪਹਿਲੇ ਦਿਨ ਡਿੱਗੀਆਂ 20 ਵਿਕਟਾਂ, ਵੈਸਟਇੰਡੀਜ਼ ਨੇ ਪਾਕਿਸਤਾਨ ’ਤੇ 9 ਦੌੜਾਂ ਦੀ ਬੜ੍ਹਤ ਕੀਤੀ ਹਾਸਲ
Sunday, Jan 26, 2025 - 11:06 AM (IST)
ਮੁਲਤਾਨ– ਗੁਡਾਕੇਸ਼ ਮੋਤੀ ਤੇ ਜੋਮੇਲ ਵਾਰਿਕਨ ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਨੇ ਸ਼ਨੀਵਾਰ ਨੂੰ ਦੂਜੇ ਕ੍ਰਿਕਟ ਟੈਸਟ ਵਿਚ ਪਾਕਿਸਤਾਨ ਵਿਰੁੱਧ ਸਟੰਪ ਤੱਕ 9 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਜਦਕਿ ਪਹਿਲੇ ਦਿਨ 20 ਵਿਕਟਾਂ ਡਿੱਗੀਆਂ।
ਮੋਤੀ ਨੇ 55 ਦੌੜਾਂ ਬਣਾਈਆਂ ਤੇ ਉਸਦੇ ਪਹਿਲੇ ਟੈਸਟ ਅਰਧ ਸੈਂਕੜੇ ਦੀ ਬਦੌਲਤ ਮਹਿਮਾਨ ਟੀਮ 8 ਵਿਕਟਾਂ ’ਤੇ 54 ਦੌੜਾਂ ਦੇ ਖਰਾਬ ਸਕੋਰ ਤੋਂ ਉੱਭਰ ਕੇ 163 ਦੌੜਾਂ ’ਤੇ ਸਿਮਟ ਗਈ। ਖੱਬੇ ਹੱਥ ਦੇ ਸਪਿੰਨਰ ਮੋਤੀ ਨੇ ਮੁਲਤਾਨ ਦੀ ਇਕ ਹੋਰ ਸਪਿੰਨਰਾਂ ਦੇ ਮੁਤਾਬਕ ਪਿੱਚ ’ਤੇ 49 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਘਰੇਲੂ ਟੀਮ ਨੂੰ 154 ਦੌੜਾਂ ’ਤੇ ਸਮੇਟਣ ਵਿਚ ਮਦਦ ਕੀਤੀ।
ਮੋਤੀ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਪਾਕਿਸਤਾਨ ਨੋਮਾਨ ਅਲੀ ਦੀ ਹੈਟ੍ਰਿਕ ਤੇ 41 ਦੌੜਾਂ ਦੇ ਕੇ 6 ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਫਿੱਕੀ ਪੈ ਗਈ। ਸਪਿੰਨ ਪਿੱਚ ਬਣਾਉਣ ਵਾਲੇ ਪਾਕਿਸਤਾਨ ਦੇ ਬੱਲੇਬਾਜ਼ ਆਪਣੇ ਹੀ ਜਾਲ ਵਿਚ ਫਸ ਗਏ।
ਵਾਰਿਕਨ ਨੇ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਸ ਨੇ 11ਵੇਂ ਨੰਬਰ ’ਤੇ ਉਤਰ ਕੇ ਅਜੇਤੂ 36 ਦੌੜਾਂ ਦੀ ਪਾਰੀ ਖੇਡੀ ਸੀ। ਮੁਹੰਮਦ ਰਿਜ਼ਵਾਨ (49) ਤੇ ਸਊਦ ਸ਼ਕੀਲ (32) ਨੇ 5ਵੀਂ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਕਿਸਤਾਨ ਨੂੰ ਉਭਾਰਿਆ ਪਰ ਟੀਮ 154 ਦੌੜਾਂ ਹੀ ਬਣਾ ਸਕੀ। ਪਹਿਲੇ ਟੈਸਟ ਵਿਚ ਵੈਸਟਇੰਡੀਜ਼ ਦੀ ਟੀਮ ਸਪਿੰਨ ਵਿਰੁੱਧ 3 ਦਿਨ ਦੇ ਅੰਦਰ 137 ਤੇ 123 ਦੌੜਾਂ ’ਤੇ ਆਊਟ ਹੋ ਗਈ ਸੀ।