ਅਸੀਂ ਕੁਝ ਖਿਡਾਰੀਆਂ ''ਤੇ ਨਿਰਭਰ ਨਹੀਂ ਹੋਣਾ ਚਾਹੁੰਦੇ, NZ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਬੋਲੇ ਰੋਹਿਤ ਸ਼ਰਮਾ
Tuesday, Oct 15, 2024 - 04:46 PM (IST)
ਬੈਂਗਲੁਰੂ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਟੀਮ ਕੋਲ ਬੱਲੇਬਾਜ਼ਾਂ ਦਾ ਇਕ ਮਜ਼ਬੂਤ ਸਮੂਹ ਹੈ ਅਤੇ ਉਹ ਤੇਜ਼ ਗੇਂਦਬਾਜ਼ੀ 'ਚ ਵੀ ਅਜਿਹਾ ਹੀ ਗਰੁੱਪ ਬਣਾਉਣਾ ਚਾਹੁੰਦਾ ਹੈ ਤਾਂ ਕਿ ਸੱਟਾਂ ਦਾ ਟੀਮ ਦੇ ਸੰਤੁਲਨ 'ਤੇ ਅਸਰ ਨਾ ਪਵੇ। ਰੋਹਿਤ ਦੀਆਂ ਟਿੱਪਣੀਆਂ ਅਜਿਹੇ ਸਮੇਂ 'ਚ ਆਈਆਂ ਹਨ, ਜਦੋਂ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸੱਟ ਤੋਂ ਉਭਰਨ ਲਈ ਜ਼ਿਆਦਾ ਸਮਾਂ ਲੱਗ ਰਿਹਾ ਹੈ, ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੂੰ ਵੀ ਮੋਢੇ ਦੀ ਸੱਟ ਲੱਗ ਗਈ ਹੈ, ਜਿਸ ਨੂੰ ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਸੀਰੀਜ਼ 'ਚ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ।
ਰੋਹਿਤ ਨੇ ਇੱਥੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੀ ਪੂਰਵ ਸੰਧਿਆ 'ਤੇ ਕਿਹਾ, ''ਜਦੋਂ ਬੱਲੇਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਬਦਲ ਹੁੰਦੇ ਹਨ। ਅਸੀਂ ਗੇਂਦਬਾਜ਼ੀ ਵਿਚ ਵੀ ਅਜਿਹਾ ਹੀ ਕਰਨਾ ਚਾਹੁੰਦੇ ਹਾਂ। ਅਸੀਂ ਬੈਂਚ ਸਟ੍ਰੈਂਥ ਬਣਾਉਣਾ ਚਾਹੁੰਦੇ ਹਾਂ ਜਿੱਥੇ ਕੱਲ੍ਹ ਕਿਸੇ ਨੂੰ ਵੀ ਕੁਝ ਹੁੰਦਾ ਹੈ, ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਨੇ ਕਿਹਾ, ''ਅਸੀਂ ਕੁਝ ਖਿਡਾਰੀਆਂ 'ਤੇ ਜ਼ਿਆਦਾ ਨਿਰਭਰ ਨਹੀਂ ਰਹਿਣਾ ਚਾਹੁੰਦੇ। ਅਜਿਹਾ ਕਰਨਾ ਠੀਕ ਨਹੀਂ ਹੈ। ਭਵਿੱਖ ਨੂੰ ਦੇਖਦੇ ਹੋਏ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਸਹੀ ਖਿਡਾਰੀ ਮਿਲੇ।''
ਇਹ ਵੀ ਪੜ੍ਹੋ : IND vs NZ: ਪਹਿਲੇ ਟੈਸਟ ਮੈਚ 'ਤੇ ਹੈ ਮੀਂਹ ਦੀ ਸੰਭਾਵਨਾ, ਵੇਖੋ ਪੰਜ ਦਿਨ ਮੌਸਮ ਕਿਵੇਂ ਰਹੇਗਾ
ਇਸ ਲਈ ਨਿਊਜ਼ੀਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਤੇਜ਼ ਗੇਂਦਬਾਜ਼ ਮਯੰਕ ਯਾਦਵ, ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈੱਡੀ ਅਤੇ ਪ੍ਰਸਿਧ ਕ੍ਰਿਸ਼ਨਾ ਨੂੰ ਰਿਜ਼ਰਵ ਵਜੋਂ ਚੁਣਨਾ ਭਾਰਤ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਹਾਲਾਂਕਿ, ਟੀਮ ਦੇ ਨਾਲ ਪ੍ਰਸਿਧ ਦੀ ਯਾਤਰਾ ਰਾਸ਼ਟਰੀ ਕ੍ਰਿਕਟ ਅਕੈਡਮੀ ਤੋਂ ਫਿਟਨੈੱਸ ਕਲੀਅਰੈਂਸ ਦੇ ਅਧੀਨ ਹੈ ਕਿਉਂਕਿ ਉਹ ਇੰਦੌਰ ਵਿਚ ਮੱਧ ਪ੍ਰਦੇਸ਼ ਖਿਲਾਫ ਕਰਨਾਟਕ ਦੇ ਸ਼ੁਰੂਆਤੀ ਰਣਜੀ ਟਰਾਫੀ ਮੈਚ ਦੌਰਾਨ ਸੱਟ ਦਾ ਸ਼ਿਕਾਰ ਹੋ ਗਿਆ ਸੀ। ਰੋਹਿਤ ਨੇ ਇਹ ਵੀ ਦੱਸਿਆ ਕਿ ਕਿਉਂ ਭਾਰਤੀ ਥਿੰਕ ਟੈਂਕ ਚਾਹੁੰਦਾ ਹੈ ਕਿ ਇਹ ਨੌਜਵਾਨ ਤੇਜ਼ ਗੇਂਦਬਾਜ਼ ਸੀਨੀਅਰ ਟੀਮ ਦੇ ਨਾਲ ਰਹੇ।
ਉਨ੍ਹਾਂ ਕਿਹਾ, ''ਇਸ ਲਈ ਜੇਕਰ ਕੱਲ੍ਹ ਸਾਨੂੰ ਲੱਗਦਾ ਹੈ ਕਿ ਉਹ (ਜ਼ਖਮੀ ਤੇਜ਼ ਗੇਂਦਬਾਜ਼ ਦੀ ਥਾਂ) ਉਹ ਭੂਮਿਕਾ ਨਿਭਾਉਣ ਲਈ ਤਿਆਰ ਹੈ ਤਾਂ ਉਸ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਬੇਸ਼ੱਕ ਉਸ ਨੇ ਸਾਡੇ ਐਲਾਨ ਤੋਂ ਪਹਿਲਾਂ ਕੁਝ ਮੈਚ ਖੇਡੇ।'' ਰੋਹਿਤ ਨੇ ਕਿਹਾ, ''ਉਸ ਨੇ ਦਿਲੀਪ ਟਰਾਫੀ, ਈਰਾਨੀ ਟਰਾਫੀ ਵੀ ਖੇਡੀ ਹੈ। ਇਸ ਲਈ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਦੇ ਕੰਮ ਦੇ ਬੋਝ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਰੋਹਿਤ ਨੇ ਕਿਹਾ ਕਿ ਅਜਿਹਾ ਕਦਮ ਚੁੱਕਣਾ ਜ਼ਰੂਰੀ ਸੀ ਕਿਉਂਕਿ ਟੈਸਟ ਕ੍ਰਿਕਟ ਸਫੈਦ ਗੇਂਦ ਦੇ ਫਾਰਮੈਟਾਂ ਦੇ ਮੁਕਾਬਲੇ ਬਿਲਕੁਲ ਵੱਖਰੀ ਖੇਡ ਹੈ ਅਤੇ ਗੇਂਦਬਾਜ਼ਾਂ ਨੂੰ ਇਸ ਨਾਲ ਅਨੁਕੂਲ ਹੋਣ ਲਈ ਸਮਾਂ ਲੱਗਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8