ਵਿਰਾਟ ਕੋਹਲੀ ਦਾ ਸੈਂਕੜਾ, ਦਿੱਲੀ ਨੇ ਆਂਧਰ ਪ੍ਰਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾਇਆ

Wednesday, Dec 24, 2025 - 05:44 PM (IST)

ਵਿਰਾਟ ਕੋਹਲੀ ਦਾ ਸੈਂਕੜਾ, ਦਿੱਲੀ ਨੇ ਆਂਧਰ ਪ੍ਰਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ- ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਬੱਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵਿਜੇ ਹਜ਼ਾਰੇ ਟਰਾਫੀ ਵਿੱਚ ਦਿੱਲੀ ਵੱਲੋਂ ਖੇਡਦਿਆਂ ਕੋਹਲੀ ਨੇ ਆਂਧਰਾ ਪ੍ਰਦੇਸ਼ ਵਿਰੁੱਧ ਅਜਿਹੀ ਪਾਰੀ ਖੇਡੀ, ਜਿਸ ਨੇ ਕ੍ਰਿਕਟ ਜਗਤ ਵਿੱਚ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ 'ਕਿੰਗ ਕੋਹਲੀ' ਕਿਉਂ ਕਿਹਾ ਜਾਂਦਾ ਹੈ।

ਵਿਰਾਟ ਕੋਹਲੀ ਨੇ ਆਂਧਰਾ ਪ੍ਰਦੇਸ਼ ਦੇ ਗੇਂਦਬਾਜ਼ਾਂ ਦੀ ਰੇਲ ਬਣਾਉਂਦਿਆਂ ਮਹਿਜ਼ 83 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਨੇ ਇਸ ਟੂਰਨਾਮੈਂਟ ਵਿੱਚ ਪੂਰੇ 16 ਸਾਲਾਂ ਬਾਅਦ ਸੈਂਕੜਾ ਜੜਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2009 ਵਿੱਚ ਹਰਿਆਣਾ ਵਿਰੁੱਧ 124 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਇਸ ਵੇਲੇ ਬੇਹੱਕ ਖ਼ਤਰਨਾਕ ਫਾਰਮ ਵਿੱਚ ਹਨ; ਉਨ੍ਹਾਂ ਨੇ ਆਪਣੀਆਂ ਪਿਛਲੀਆਂ ਚਾਰ ਵਨਡੇ ਪਾਰੀਆਂ ਵਿੱਚ ਤਿੰਨ ਸੈਂਕੜੇ ਠੋਕੇ ਹਨ। ਉਹ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਵਨਡੇ ਸੀਰੀਜ਼ ਦੀ ਤਿਆਰੀ ਵਜੋਂ ਇਹ ਟੂਰਨਾਮੈਂਟ ਖੇਡ ਰਹੇ ਹਨ।

ਮੈਚ ਵਿਚ ਸਿਮਰਜੀਤ ਸਿੰਘ (ਪੰਜ ਵਿਕਟਾਂ) ਅਤੇ ਪ੍ਰਿੰਸ ਯਾਦਵ (ਤਿੰਨ ਵਿਕਟਾਂ) ਤੋਂ ਬਾਅਦ ਵਿਰਾਟ ਕੋਹਲੀ (131) ਦੇ ਸੈਂਕੜੇ, ਪ੍ਰਿਯਾਂਸ਼ ਆਰੀਆ (74) ਅਤੇ ਨਿਤੀਸ਼ ਰਾਣਾ (77) ਦੇ ਅਰਧ ਸੈਂਕੜਿਆਂ ਦੀ ਬਦੌਲਤ ਦਿੱਲੀ ਨੇ ਬੁੱਧਵਾਰ ਨੂੰ ਵਿਜੇ ਹਜ਼ਾਰੇ ਟਰਾਫੀ 2025 ਦੇ ਏਲੀਟ ਗਰੁੱਪ ਡੀ ਮੈਚ ਵਿੱਚ ਆਂਧਰਾ ਪ੍ਰਦੇਸ਼ ਨੂੰ 74 ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਹਰਾਇਆ।

ਆਪਣੀ ਇਸ ਸ਼ਾਨਦਾਰ ਪਾਰੀ ਦੌਰਾਨ ਕੋਹਲੀ ਨੇ ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਇੱਕ ਵੱਡਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਲਿਸਟ-ਏ ਕ੍ਰਿਕਟ ਵਿੱਚ ਸਭ ਤੋਂ ਤੇਜ਼ 16,000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਹ ਮੁਕਾਮ ਸਿਰਫ਼ 330 ਪਾਰੀਆਂ ਵਿੱਚ ਹਾਸਲ ਕੀਤਾ, ਜਦਕਿ ਸਚਿਨ ਤੇਂਦੁਲਕਰ ਨੇ ਇੱਥੇ ਤੱਕ ਪਹੁੰਚਣ ਲਈ 391 ਪਾਰੀਆਂ ਲਈਆਂ ਸਨ। ਹੁਣ ਸਭ ਤੋਂ ਤੇਜ਼ 10 ਹਜ਼ਾਰ ਤੋਂ ਲੈ ਕੇ 16 ਹਜ਼ਾਰ ਦੌੜਾਂ ਤੱਕ ਦੇ ਸਾਰੇ ਰਿਕਾਰਡ ਵਿਰਾਟ ਦੇ ਨਾਮ ਹੋ ਗਏ ਹਨ।


author

Tarsem Singh

Content Editor

Related News