ਭਾਰਤੀ ਟੀਮ ਦੀ ਇਕਜੁੱਟਤਾ ਨਾਲ ਚੈਂਪੀਅਨਜ਼ ਟਰਾਫੀ ਜਿੱਤਣ ''ਚ ਮਦਦ ਮਿਲੀ : ਹਰਮਨਪ੍ਰੀਤ

Wednesday, Sep 18, 2024 - 04:27 PM (IST)

ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਖਿਡਾਰੀਆਂ ਵਿਚਾਲੇ ਆਪਸੀ ਏਕਤਾ ਅਤੇ ਇੱਕ ਦੂਸਰੇ ਦਾ ਸਾਥ ਦੇਣ ਦੀ ਬੇਮਿਸਾਲ ਇੱਛਾ ਨੇ ਭਾਰਤ ਨੂੰ ਪੰਜਵੀਂ ਵਾਰ ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਵਿੱਚ ਮਦਦ ਮਿਲੀ। ਭਾਰਤ ਨੇ ਮੰਗਲਵਾਰ ਨੂੰ ਹੂਲੁਨਬੀਰ ਵਿੱਚ ਫਾਈਨਲ ਵਿੱਚ ਜੁਗਰਾਜ ਸਿੰਘ ਦੇ ਅੰਤਿਮ ਪਲਾਂ ਵਿੱਚ ਕੀਤੇ ਗੋਲ ਦੀ ਮਦਦ ਨਾਲ ਚੀਨ ਨੂੰ 1-0 ਨਾਲ ਹਰਾਇਆ। ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਹਾਕੀ ਇੰਡੀਆ ਦੀ ਪ੍ਰੈਸ ਰਿਲੀਜ਼ ਦੇ ਮੁਤਾਬਕ, ਹਰਮਨਪ੍ਰੀਤ ਨੇ ਕਿਹਾ, "ਫਾਈਨਲ ਸੱਚਮੁੱਚ ਤਣਾਅ ਪੂਰਨ ਸੀ। ਚੀਨ ਦੀ ਟੀਮ ਨੇ ਸਾਡੇ ਸਾਹਮਣੇ ਪੂਰੇ ਮੈਚ ਦੌਰਾਨ ਮੁਸ਼ਕਿਲ ਚੁਣੌਤੀ ਪੇਸ਼ ਕੀਤੀ, ਜਿਸ ਨਾਲ ਗੋਲ ਕਰਨ ਦਾ ਮੌਕਾ ਬਣਾਉਣਾ ਆਸਾਨ ਨਹੀਂ ਸੀ।" ਉਨ੍ਹਾਂ ਕਿਹਾ, "ਪਰ ਪਿਛਲੇ ਕੁਝ ਸਾਲਾਂ ਵਿੱਚ ਖਿਡਾਰੀਆਂ ਦਾ ਇਕ-ਦੂਜੇ 'ਤੇ ਭਰੋਸਾ ਕਾਫ਼ੀ ਵਧਿਆ ਹੈ। ਅਸੀਂ ਇੱਕ-ਦੂਜੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਾਂ। ਇਸ ਤਰ੍ਹਾਂ ਦੀ ਏਕਤਾ ਨਾਲ ਸਾਨੂੰ ਮੈਚ ਜਿੱਤਣ ਵਿੱਚ ਮਦਦ ਮਿਲਦੀ ਹੈ। ਭਾਰਤੀ ਕਪਤਾਨ ਨੇ ਕਿਹਾ, "ਪਿਛਲੇ ਸਾਲ ਚੇਨਈ ਵਿੱਚ ਏਸ਼ੀਆਈ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਮਗਾ, ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਨਾਲ ਟੀਮ ਦੇ ਅੰਦਰ ਡੂੰਘੀ ਸਾਂਝ ਪੈਦਾ ਹੋਈ ਹੈ।"
ਹਰਮਨਪ੍ਰੀਤ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਅਗਵਾਈ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪੈਰਿਸ ਓਲੰਪਿਕ ਵਿੱਚ 10 ਗੋਲ ਕੀਤੇ। ਭਾਰਤ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਵਿੱਚ ਕੁੱਲ 26 ਗੋਲ ਕੀਤੇ, ਜਿਨ੍ਹਾਂ ਵਿੱਚੋਂ ਸੱਤ ਗੋਲ ਹਰਮਨਪ੍ਰੀਤ ਨੇ ਕੀਤੇ। ਉਨ੍ਹਾਂ ਨੇ ਸਾਰੇ ਗੋਲ ਪੈਨਲਟੀ ਕਾਰਨਰ 'ਤੇ ਕੀਤੇ। ਹਰਮਨਪ੍ਰੀਤ ਨੇ ਕਿਹਾ ਕਿ ਅਗਲੇ ਮੁਕਾਬਲਿਆਂ ਵਿੱਚ ਵੀ ਇਸ ਸਫਲਤਾ ਨੂੰ ਬਰਕਰਾਰ ਰੱਖਣਾ ਮਹੱਤਵਪੂਰਨ ਹੋਵੇਗਾ। ਉਨ੍ਹਾਂ ਕਿਹਾ, "ਸਾਨੂੰ ਮਾਣ ਹੈ ਕਿ ਅਸੀਂ ਆਪਣਾ ਖਿਤਾਬ ਬਚਾਉਣ ਵਿੱਚ ਕਾਮਯਾਬ ਰਹੇ, ਪਰ ਕੰਮ ਇਥੇ ਸਮਾਪਤ ਨਹੀਂ ਹੁੰਦਾ। ਹੁਣ ਵੀ ਕੁਝ ਖੇਤਰ ਹਨ ਜਿੱਥੇ ਸੁਧਾਰ ਕਰਨ ਦੀ ਲੋੜ ਹੈ। ਸਾਨੂੰ ਇੱਕ ਟੀਮ ਵਜੋਂ ਹੋਰ ਮਜ਼ਬੂਤ ਬਣਨਾ ਹੋਵੇਗਾ।"
ਉਪ ਕਪਤਾਨ ਵਿਵੇਕ ਸਾਗਰ ਨੇ ਕਿਹਾ ਕਿ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਹਰ ਟੀਮ ਦਾ ਟੀਚਾ ਭਾਰਤ ਨੂੰ ਹਰਾਉਣਾ ਸੀ। ਉਨ੍ਹਾਂ ਕਿਹਾ, "ਗਰੁੱਪ ਪੜਾਅ ਵਿੱਚ ਕਿਸੇ ਵੀ ਟੀਮ ਦੇ ਵਿਰੁੱਧ ਖੇਡਣਾ ਆਸਾਨ ਨਹੀਂ ਸੀ। ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਹਰ ਟੀਮ ਨੇ ਭਾਰਤ ਨੂੰ ਹਰਾਉਣਾ ਆਪਣਾ ਟੀਚਾ ਬਣਾ ਲਿਆ ਸੀ। ਪਰ ਸਾਡੇ ਹਰ ਖਿਡਾਰੀ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।"


Aarti dhillon

Content Editor

Related News