ਤਿਕੋਣੀ ਸੀਰੀਜ਼ : ਵੈਸਟਇੰਡੀਜ਼ ਖ਼ਿਲਾਫ਼ ਭਾਰਤ ਦਾ ਪਲੜਾ ਭਾਰੀ
Monday, Jan 23, 2023 - 12:26 PM (IST)
ਈਸਟ ਲੰਡਨ– ਸੀਨੀਅਰ ਖਿਡਾਰੀਆਂ ਦੀ ਵਾਪਸੀ ਦੀ ਪੂਰੀ ਸੰਭਾਵਨਾ ਨੂੰ ਦੇਖਦੇ ਹੋਏ ਭਾਰਤ ਸੋਮਵਾਰ ਨੂੰ ਇੱਥੇ ਮਹਿਲਾ ਟੀ-20 ਤਿਕੋਣੀ ਲੜੀ ਵਿਚ ਵੈਸਟਇੰਡੀਜ਼ ਵਿਰੁੱਧ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ। ਕਪਤਾਨ ਹਰਮਨਪ੍ਰੀਤ ਕੌਰ ਸਮੇਤ ਚੋਟੀ ਦੀਆਂ ਖਿਡਾਰਨਾਂ ਦੇ ਬੀਮਾਰ ਹੋਣ ਦੇ ਕਾਰਨ ਬਾਹਰ ਹੋ ਜਾਣ ਦੇ ਬਾਵਜੂਦ ਭਾਰਤ ਨੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਅਜੇ ਇਹ ਤੈਅ ਨਹੀਂ ਹੈ ਕਿ ਹਰਮਨਪ੍ਰੀਤ ਕੌਰ ਤੇ ਹੋਰ ਖਿਡਾਰਨਾਂ ਵੈਸਟਇੰਡੀਜ਼ ਵਿਰੁੱਧ ਵਾਪਸੀ ਕਰਨਗੀਆਂ ਜਾਂ ਨਹੀਂ। ਵੈਸਟਇੰਡੀਜ਼ ਨੂੰ ਆਪਣੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਹਿਲੇ ਮੈਚ ਵਿਚ ਹਰਮਨਪ੍ਰੀਤ ਤੋਂ ਇਲਾਵਾ ਸ਼ਿਖਾ ਪਾਂਡੇ, ਰੇਣੂਕਾ ਸਿੰਘ ਤੇ ਪੂਜਾ ਵਸਤਾਰਕਰ ਵੀ ਆਖਰੀ-11 ਵਿਚ ਸ਼ਾਮਲ ਨਹੀਂ ਸਨ। ਕਾਰਜਕਾਰੀ ਕਪਤਾਨ ਸਮ੍ਰਿਤੀ ਮੰਧਾਨਾ ਤੋਂ ਕੌਮਾਂਤਰੀ ਕੈਪ ਹਾਸਲ ਕਰਨ ਵਾਲੀ ਅਮਨਜੋਤ ਕੌਰ ਨੇ ਆਪਣੇ ਪਹਿਲੇ ਮੈਚ ਵਿਚ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਇਕ ਸਮੇਂ 5 ਵਿਕਟਾਂ ’ਤੇ 69 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ, ਜਿਸ ਤੋਂ ਬਾਅਦ ਅਮਨਜੋਤ ਨੇ 30 ਗੇਂਦਾਂ ’ਤੇ 41 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ 6 ਵਿਕਟਾਂ ’ਤੇ 147 ਦੌੜਾਂ ਬਣਾਈਅਆਂ। ਅਮਨਜੋਤ ਨੂੰ ਮੈਚ ਦੀ ਸਰਵਸ੍ਰੇਸ਼ਠ ਖਿਡਾਰਨ ਚੁਣਿਆ ਗਿਆ ਸੀ।
ਵੈਸਟਇੰਡੀਜ਼ ਵਿਰੁੱਧ ਮੈਚ ਵਿਚ ਸੀਨੀਅਰ ਖਿਡਾਰਨਾਂ ਦੀ ਵਾਪਸੀ ਹੋਣ ’ਤੇ ਵੀ ਨਜ਼ਰਾਂ 21 ਸਾਲਾ ਅਮਨਜੋਤ ’ਤੇ ਹੀ ਟਿਕੀਆਂ ਰਹਿਣਗੀਆਂ। ਭਾਰਤ ਇਸ ਮੈਚ ਵਿਚ ਜਿੱਤ ਦਰਜ ਕਰਕੇ ਟੂਰਨਾਮੈਂਟ ਵਿਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗਾ। ਤਿਕੋਣੀ ਲੜੀ ਇਸ ਲਿਹਾਜ ਨਾਲ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਹ ਅਗਲੇ ਮਹੀਨੇ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਟੂਰਨਾਮੈਂਟ ਹੈ। ਤਿਕੋਣੀ ਲੜੀ 2 ਫਰਵਰੀ ਨੂੰ ਖਤਮ ਹੋਵੇਗੀ।
ਭਾਰਤੀ ਟੀਮ ਇਸ ਪ੍ਰਕਾਰ ਹੈ :
ਸਮ੍ਰਿਤੀ ਮੰਧਾਨਾ, ਜੇਮਿਮਾਹ ਰੌਡਰਿਗਜ਼, ਦੇਵਿਕਾ ਵੈਦਿਆ, ਸਬੀਨੇਨੀ ਮੇਘਨਾ, ਹਰਮਨਪ੍ਰੀਤ ਕੌਰ (ਕਪਤਾਨ), ਹਰਲੀਨ ਦਿਓਲ, ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਸ਼ਿਖਾ ਪਾਂਡੇ, ਯਸਤਿਕਾ ਭਾਟੀਆ (ਵਿਕਟਕੀਪਰ.), ਸੁਸ਼ਮਾ ਵਰਮਾ, ਰਾਜੇਸ਼ਵਰੀ ਗਾਇਕਵਾੜ, ਰਾਧਾ ਯਾਦਵ, ਰੇਣੂਕਾ ਸਿੰਘ ਠਾਕੁਰ, ਮੇਘਨਾ ਸਿੰਘ, ਅੰਜਲੀ ਸਰਵਾਨੀ, ਸਨੇਹ ਰਾਣਾ, ਅਮਨਜੋਤ ਕੌਰ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।