ਓਲੰਪਿਕ ਤੋਂ ਬਾਅਦ ਹੁਣ ਪੈਰਾਲੰਪਿਕ ’ਚ ਵੀ ਦੇਖਣ ਨੂੰ ਮਿਲੇਗਾ ਖੇਡਾਂ ਦਾ ਰੋਮਾਂਚ, 22 ਖੇਡਾਂ ’ਚ ਹੋਣਗੇ 539 ਮੁਕਾਬਲੇ

Friday, Aug 20, 2021 - 11:36 AM (IST)

ਓਲੰਪਿਕ ਤੋਂ ਬਾਅਦ ਹੁਣ ਪੈਰਾਲੰਪਿਕ ’ਚ ਵੀ ਦੇਖਣ ਨੂੰ ਮਿਲੇਗਾ ਖੇਡਾਂ ਦਾ ਰੋਮਾਂਚ, 22 ਖੇਡਾਂ ’ਚ ਹੋਣਗੇ 539 ਮੁਕਾਬਲੇ

ਨਵੀਂ ਦਿੱਲੀ- ਜਾਪਾਨ ਵਿਚ ਕੋਰੋਨਾ ਮਹਾਮਾਰੀ ਦੇ ਵਿਚਾਲੇ ਚੰਗੀ ਤਰ੍ਹਾਂ ਟੋਕੀਓ ਓਲੰਪਿਕ ਕਰਵਾਏ ਜਾਣ ਤੋਂ ਬਾਅਦ ਹੁਣ ਟੋਕੀਓ ਪੈਰਾ-ਓਲੰਪਿਕ ਖੇਡਾਂ ਦਾ ਰੋਮਾਂਚ ਪੂਰੀ ਦੁਨੀਆ ਨੂੰ ਦੇਖਣ ਨੂੰ ਮਿਲੇਗਾ। ਇਸ ਵਿਚ ਪੈਰਾ ਅਥਲੀਟ ਭਾਵ ਦਿਵਿਆਂਗ ਖਿਡਾਰੀ ਹਿੱਸਾ ਲੈਂਦੇ ਹਨ। ਓਲੰਪਿਕ ਖੇਡਾਂ ਦੀ ਤਰਜ਼ 'ਤੇ ਹੀ ਹਰ ਚਾਰ ਸਾਲ ਬਾਅਦ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਸ ਵਿਚ ਭਾਰਤ ਦੀ ਹੁਣ ਤਕ ਦੀ ਸਭ ਤੋਂ ਵੱਡੀ 54 ਪੈਰਾ-ਅਥਲੀਟਾਂ ਦੀ ਟੀਮ ਨੌਂ ਖੇਡਾਂ ਵਿਚ ਮੁਕਾਬਲਿਆਂ ਲਈ ਟੋਕੀਓ ਪੁੱਜ ਚੁੱਕੀ ਹੈ ਇਸ ਵਿਚ ਦੇਵੇਂਦਰ ਝਾਝਰੀਆ, ਮਰੀਅੱਪਨ ਥੰਗਾਵੇਲੂ, ਪ੍ਰਮੋਦ ਭਗਤ, ਸੁਹਾਸ ਐੱਲ ਯਤੀਰਾਜ ਤੇ ਸੁਮਿਤ ਅੰਤਿਲ ਵਰਗੇ ਕਈ ਸ਼ਾਨਦਾਰ ਖਿਡਾਰੀ ਹਨ ਜਿਨ੍ਹਾਂ ਨੂੰ ਮੈਡਲ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਟੋਕੀਓ ਪੈਰਾ-ਓਲੰਪਿਕ ਖੇਡਾਂ ਵਿਚ ਬੈਡਮਿੰਟਨ ਤੇ ਤਾਇਕਵਾਂਡੇ ਵਰਗੀਆਂ ਖੇਡਾਂ ਪਹਿਲੀ ਵਾਰ ਸ਼ਾਮਲ ਕੀਤੀਆਂ ਗਈਆਂ ਹਨ। 1984 ਦੀਆਂ ਖੇਡਾਂ ਵਿਚ ਜੋਗਿੰਦਰ ਸਿੰਘ ਬੇਦੀ ਨੇ ਮਰਦਾਂ ਦੇ ਗੋਲਾ ਸੁੱਟ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਸੀ ਉਸ ਤੋਂ ਬਾਅਦ ਚੱਕਾ ਤੇ ਜੈਵਲਿਨ ਥ੍ਰੋ ਵਿਚ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ ਸੀ । ਭੀਮ ਰਾਓ ਕੇਸਰਕਰ ਨੇ ਜੈਵਲਿਨ ਥ੍ਰੋਅ ਵਿਚ ਸਿਲਵਰ ਮੈਡਲ 'ਤੇ ਕਬਜ਼ਾ ਕਰ ਕੇ ਭਾਰਤ ਲਈ ਚੌਥਾ ਮੈਡਲ ਜਿੱਤਿਆ ਸੀ। ਭਾਰਤੀ ਪੈਰਾ-ਅਥਲੀਟਾਂ ਨੇ 1988 ਤੋਂ 2000 ਤਕ ਪੋਡੀਅਮ ਵਿਚ ਸਥਾਨ ਹਾਸਲ ਕਰਨ ਲਈ ਕਾਫੀ ਸੰਘਰਸ਼ ਕੀਤਾ ਆਖ਼ਰ ਏਥੇਂਸ 2004 ਖੇਡਾਂ ਵਿਚ ਮੈਡਲਾਂ ਦਾ ਸੋਕਾ ਖ਼ਤਮ ਹੋਇਆ ਜਿੱਥੇ ਭਾਤਰ ਨੇ ਇਕ ਗੋਲਡ ਤੇ ਇਕ ਸਿਲਵਰ ਮੈਡਲ ਜਿੱਤ ਕੇ 53ਵਾਂ ਸਥਾਨ ਹਾਸਲ ਕੀਤਾ। 2004 ਵਿਚ ਦੇਵੇਂਦਰ ਝਾਝਰੀਆ ਨੇ ਜੈਵਲਿਨ ਥ੍ਰੋਅ ਵਿਚ ਗੋਲਡ ਮੈਡਲ ਜਿੱਤਿਆ ਜਦਕਿ ਰਾਜਿੰਦਰ ਸਿੰਘ ਨੇ 56 ਕਿਲੋਗ੍ਰਾਮ ਭਾਰ ਵਰਗ ਵਿਚ ਵੇਟਲਿਫਟਿੰਗ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਤੋਂ ਚਾਰ ਸਾਲ ਬਾਅਦ ਬੀਜਿੰਗ ਵਿਚ ਵੀ ਭਾਰਤ ਖ਼ਾਲੀ ਹੱਥ ਮੁੜ ਆਇਆ। 2012 ਲੰਡਨ ਵਿਚ ਭਾਰਤ ਇੱਕ ਮੈਡਲ ਹਾਸਲ ਕਰ ਸਕਿਆ। ਤਦ ਐੱਚਐੱਨ ਗਿਰੀਸ਼ਾ ਨੇ ਮਰਦਾਂ ਦੀ ਉੱਚੀ ਛਾਲ ਐੱਫ 42 ਵਰਗ ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ 2016 ਵਿਚ ਭਾਰਤ ਨੇ ਰੀਓ ਖੇਡਾਂ ਵਿਚ ਚਾਰ ਮੈਡਲਾਂ ਦੇ ਨਾਲ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਮਰੀਅੱਪਨ ਥੰਗਾਵੇਲੂ ਤੇ ਦੇਵੇਂਦਰ ਝਾਝਰੀਆ ਨੇ ਕ੍ਰਮਵਾਰ ਉੱਚੀ ਛਾਲ ਤੇ ਜੈਵਲਿਨ ਥ੍ਰੋਅ ਵਿਚ ਗੋਲਡ ਮੈਡਲ ਜਿੱਤਿਆ ਸੀ ਜਦਕਿ ਦੀਪਾ ਮਲਿਕ ਨੇ ਵੀ ਗੋਲਾ ਸੁੱਟ ਵਿਚ ਸਿਲਵਰ ਮੈਡਲ 'ਤੇ ਕਬਜ਼ਾ ਕੀਤਾ। ਉਥੇ ਹੀ ਵਰੁਣ ਸਿੰਘ ਭਾਟੀ ਨੇ ਉੱਚੀ ਛਾਲ ਐੱਫ 42 ਵਰਗ ਵਿਚ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ।


author

Tarsem Singh

Content Editor

Related News