...ਤਾਂ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਮਗਾ ਬਦਲ ਸਕਦੈ ਸੋਨ ਤਮਗੇ ’ਚ! ਜਾਣੋ ਕੀ ਹੈ ਪੂਰਾ ਮਾਮਲਾ
Tuesday, Jul 27, 2021 - 03:44 PM (IST)
ਨਵੀਂ ਦਿੱਲੀ : ਭਾਰਤ ਦੀ 26 ਸਾਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਟੋਕੀਓ ਓਲੰਪਿਕ ਵਿਚ ਵੇਟਲਿਫਟਿੰਗ ਵਿਚ ਦੇਸ਼ ਲਈ ਪਹਿਲਾ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਮਣੀਪੁਰ ਦੀ ਇਸ ਖਿਡਾਰਣ ਨੇ ਟੋਕੀਓ ਓਲੰਪਿਕ ਵਿਚ 49 ਕਿਲੋਗ੍ਰਾਮ ਵਰਗ ਵਿਚ ਕੁੱਲ 202 ਕਿਲੋਗ੍ਰਾਮ (87 ਕਿਲੋਗ੍ਰਾਮ+115 ਕਿਲੋਗ੍ਰਾਮ) ਭਾਰ ਚੁੱਕਿਆ ਸੀ। ਉਥੇ ਹੀ ਚੀਨ ਦੀ ਹੋਊ ਜਿਹੁਈ ਨੇ 210 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਅਤੇ ਇੰਡੋਨੇਸ਼ੀਆ ਦੀ ਵਿੰਡੀ ਕੇਂਟਿਕਾ ਆਇਸ਼ਾ ਨੇ ਕੁੱਲ 194 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਤਮਗਾ ਆਪਣੇ ਨਾਮ ਕੀਤਾ ਸੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: 58 ਸਾਲ ਦੀ ਉਮਰ ’ਚ ਤਮਗਾ ਜਿੱਤ ਕੇ ਮਿਸਾਲ ਬਣਿਆ ਅਲਰਸ਼ੀਦੀ
ਮੀਰਾਬਾਈ ਚਾਨੂ ਦੇ ਚਾਂਦੀ ਦਾ ਤਮਗਾ ਜਿੱਤਣ ਮਗਰੋਂ ਹੁਣ ਖ਼ਬਰ ਆ ਰਹੀ ਹੈ ਕਿ ਇਸ ਭਾਰਤੀ ਖਿਡਾਰੀ ਦਾ ਚਾਂਦੀ ਦਾ ਤਮਗਾ ਸੋਨ ਤਮਗੇ ਵਿਚ ਬਦਲ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਖਿਡਾਰੀ ਲਈ ਇਹ ਸਭ ਤੋਂ ਵੱਡੀ ਉਪਲਬੱਧੀ ਹੋਵੇਗੀ। ਨਿਊਜ਼ ਏਜੰਸੀ ਏ.ਐਨ.ਆਈ. ਦੀ ਖ਼ਬਰ ਮੁਤਾਬਕ ਚੀਨ ਦੀ ਵੇਟਲਿਫਟਰ ਹੋਊ ਜਿਹੁਈ ਦਾ ਡੋਪਿੰਗ ਰੋਧੀ ਅਧਿਕਾਰੀਆਂ ਵੱਲੋਂ ਟੈਸਟ ਕੀਤਾ ਜਾਏਗਾ ਅਤੇ ਜੇਕਰ ਉਹ ਟੈਸਟ ਵਿਚ ਅਸਫ਼ਲ ਰਹਿੰਦੀ ਹੈ ਤਾਂ ਭਾਰਤ ਦੀ ਮੀਰਾਬਾਈ ਚਾਨੂ ਨੂੰ ਸੋਨ ਤਮਗੇ ਨਾਲ ਸਨਮਾਨਤ ਕੀਤਾ ਜਾਏਗਾ।
ਇਕ ਸੂਤਰ ਮੁਤਾਬਕ ਹੋਊ ਜਿਹੁਈ ਨੂੰ ਟੋਕੀਓ ਵਿਚ ਹੀ ਰੁਕਣ ਲਈ ਕਿਹਾ ਗਿਆ ਹੈ ਅਤੇ ਉਸ ਦਾ ਟੈਸਟ ਹੋਵੇਗਾ। ਟੈਸਟ ਨਿਸ਼ਚਿਤ ਰੂਪ ਨਾਲ ਹੋ ਰਹੇ ਹਨ। ਹਾਲਾਂਕਿ ਸੱਚਾਈ ਇਹ ਹੈ ਕਿ ਓਲੰਪਿਕ ਵਿਚ ਲੱਗਭਗ 5000 ਐਥਲੀਟਾਂ ਦਾ ਕਈ ਵਾਰ ਟੈਸਟ ਕੀਤਾ ਜਾ ਰਿਹਾ ਹੈ ਅਤੇ ਮੁਕਾਬਲੇ ਦੇ ਅੰਦਰ ਅਤੇ ਬਾਹਰ ਖਿਡਾਰੀਆਂ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਉਨ੍ਹਾਂ ਵਿਚੋਂ ਹਰੇਕ ਦੇ ਸਕਾਰਾਤਮਕ ਟੈਸਟ ਦੀ ਸੰਭਾਵਨਾ ਬਹੁਤ ਘੱਟ ਹੈ। ਫਿਰ ਵੀ ਜੇਕਰ ਟੈਸਟ ਸਕਾਰਾਤਮਕ ਆਉਂਦਾ ਹੈ ਤਾਂ ਮੀਰਾਬਾਈ ਚਾਨੂ ਭਾਰਤ ਦੀ ਪਹਿਲੀ ਮਹਿਲਾ ਓਲੰਪਿਕ ਸੋਨ ਤਮਗਾ ਜੇਤੂ ਹੋਵੇਗੀ।
ਇਹ ਵੀ ਪੜ੍ਹੋ: ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ, ਰੱਖਿਆ ਇਹ ਨਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।