ਹੰਝੂਆਂ ਨਾਲ ਭਰੀਆਂ ਅੱਖਾਂ, ਗੋਲ ਅਤੇ ਜਿੱਤ: ਅਰਜਨਟੀਨਾ ਲਈ ਲਿਓਨਲ ਮੈਸੀ ਦਾ ਆਖਰੀ ਮੈਚ ਬਣਿਆ ਬੇਹੱਦ ਭਾਵੁਕ

Wednesday, Oct 07, 2026 - 12:36 PM (IST)

ਹੰਝੂਆਂ ਨਾਲ ਭਰੀਆਂ ਅੱਖਾਂ, ਗੋਲ ਅਤੇ ਜਿੱਤ: ਅਰਜਨਟੀਨਾ ਲਈ ਲਿਓਨਲ ਮੈਸੀ ਦਾ ਆਖਰੀ ਮੈਚ ਬਣਿਆ ਬੇਹੱਦ ਭਾਵੁਕ

ਨਵੀਂ ਦਿੱਲੀ : ਫੁੱਟਬਾਲ ਦੇ ਮਹਾਨਤਮ ਖਿਡਾਰੀਆਂ 'ਚ ਸ਼ੁਮਾਰ ਲਿਓਨਲ ਮੈਸੀ ਲਈ ਅਰਜਨਟੀਨਾ ਦੀ ਰਾਸ਼ਟਰੀ ਟੀਮ ਦੀ ਜਰਸੀ 'ਚ ਉਨ੍ਹਾਂ ਦਾ ਆਖਰੀ ਮੁਕਾਬਲਾ ਸਿਰਫ਼ ਇੱਕ ਮੈਚ ਨਹੀਂ, ਸਗੋਂ ਇੱਕ ਇਤਿਹਾਸਕ ਜਸ਼ਨ ਬਣ ਗਿਆ। ਬਿਊਨਸ ਆਇਰਸ ਦੇ ਐਸਟਾਡੀਓ ਮੋਨੂਮੈਂਟਲ ਸਟੇਡੀਅਮ ਵਿੱਚ ਬੇਨਿਨ ਦੇ ਖਿਲਾਫ ਖੇਡੇ ਗਏ ਇਸ ਫੇਅਰਵੈੱਲ ਫ੍ਰੈਂਡਲੀ ਮੁਕਾਬਲੇ ਵਿੱਚ ਪੂਰਾ ਸਟੇਡੀਅਮ ਨੀਲੇ ਅਤੇ ਚਿੱਟੇ ਰੰਗਾਂ ਵਿੱਚ ਰੰਗਿਆ ਨਜ਼ਰ ਆਇਆ, ਜਿੱਥੇ ਹਜ਼ਾਰਾਂ ਪ੍ਰਸ਼ੰਸਕ ਆਪਣੇ ਚਹੇਤੇ 'ਨੰਬਰ 10' ਨੂੰ ਆਖਰੀ ਵਾਰ ਦੇਸ਼ ਲਈ ਖੇਡਦੇ ਦੇਖਣ ਪਹੁੰਚੇ ਸਨ। ਇਸ ਖਾਸ ਮੌਕੇ 'ਤੇ ਕੋਪਾ ਅਮਰੀਕਾ ਤੋਂ ਬਾਅਦ ਅੰਤਰਰਾਸ਼ਟਰੀ ਸੰਨਿਆਸ ਲੈ ਚੁੱਕੇ ਐਂਜਲ ਡੀ ਮਾਰੀਆ ਅਤੇ ਫਰਾਂਸ ਦੇ ਪੂਰਵ ਦਿੱਗਜ ਸਟ੍ਰਾਈਕਰ ਡੇਵਿਡ ਟ੍ਰੇਜ਼ੇਗੇਟ ਵਰਗੀਆਂ ਸ਼ਖਸੀਅਤਾਂ ਵੀ ਸਟੈਂਡਸ ਵਿੱਚ ਮੈਸੀ ਨੂੰ ਵਿਦਾਈ ਦੇਣ ਲਈ ਮੌਜੂਦ ਸਨ।

ਮੈਚ ਤੋਂ ਪਹਿਲਾਂ ਅੱਖਾਂ 'ਚ ਹੰਝੂਆਂ ਨਾਲ ਹੋਈ ਵਿਦਾਈ ਦੀ ਸ਼ੁਰੂਆਤ
ਮੁਕਾਬਲੇ ਤੋਂ ਠੀਕ ਪਹਿਲਾਂ ਸਟੇਡੀਅਮ ਵਿੱਚ ਇੱਕ ਵਿਸ਼ਾਲ 10 ਨੰਬਰ ਦੀ ਜਰਸੀ ਪ੍ਰਦਰਸ਼ਿਤ ਕੀਤੀ ਗਈ, ਜਿਸ 'ਤੇ 'ਧੰਨਵਾਦ' ਲਿਖਿਆ ਹੋਇਆ ਸੀ। ਜਦੋਂ ਮੈਸੀ ਆਪਣੇ ਬੇਟਿਆਂ ਥਿਆਗੋ, ਮਾਤੇਓ ਅਤੇ ਸੀਰੋ ਨਾਲ ਮੈਦਾਨ 'ਤੇ ਆਏ, ਤਾਂ ਪੂਰਾ ਸਟੇਡੀਅਮ ਆਤਿਸ਼ਬਾਜ਼ੀ ਅਤੇ ਨਾਅਰਿਆਂ ਨਾਲ ਗੂੰਜ ਉੱਠਿਆ। ਰਾਸ਼ਟਰੀ ਗਾਨ ਵੱਜਦੇ ਹੀ ਮੈਸੀ ਆਪਣੇ ਹੰਝੂ ਰੋਕ ਨਹੀਂ ਸਕੇ ਅਤੇ ਬੇਹੱਦ ਭਾਵੁਕ ਹੋ ਗਏ। ਉਨ੍ਹਾਂ ਦੇ ਨਾਲ ਖੜ੍ਹੇ ਹੈੱਡ ਕੋਚ ਲਿਓਨਲ ਸਕਾਲੋਨੀ ਅਤੇ ਨਿਕੋਲਸ ਓਟਾਮੈਂਡੀ ਵੀ ਇਸ ਇਤਿਹਾਸਕ ਪਲ ਵਿੱਚ ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਸਕੇ।

ਓਟਾਮੈਂਡੀ ਦਾ ਗੋਲ ਅਤੇ ਮੈਸੀ ਦੀ ਮਾਸਟਰਕਲਾਸ ਪੈਨਲਟੀ
ਮੈਚ ਦੀ ਸ਼ੁਰੂਆਤ ਤੋਂ ਹੀ ਮੈਸੀ ਨੇ ਆਪਣੇ ਚਿਰ-ਪਰਿਚਿਤ ਅੰਦਾਜ਼ ਵਿੱਚ ਖੇਡ ਨੂੰ ਕੰਟਰੋਲ ਕੀਤਾ। 10ਵੇਂ ਮਿੰਟ ਵਿੱਚ ਪੂਰਾ ਸਟੇਡੀਅਮ ਅਤੇ ਦੋਵਾਂ ਟੀਮਾਂ ਦੇ ਖਿਡਾਰੀ ਉੱਠ ਕੇ ਖੜ੍ਹੇ ਹੋ ਗਏ ਅਤੇ ਤਾਲੀਆਂ ਦੀ ਗੂੰਜ ਨਾਲ ਮੈਸੀ ਦੇ ਸ਼ਾਨਦਾਰ ਕਰੀਅਰ ਨੂੰ ਸਲਾਮ ਕੀਤਾ। ਹਾਫ਼-ਟਾਈਮ ਤੋਂ ਬਾਅਦ ਮੈਸੀ ਦੀ ਬਹਿਤਰੀਨ ਫ੍ਰੀ-ਕਿੱਕ 'ਤੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡ ਰਹੇ ਨਿਕੋਲਸ ਓਟਾਮੈਂਡੀ ਨੇ ਸ਼ਾਨਦਾਰ ਗੋਲ ਕਰਕੇ ਅਰਜਨਟੀਨਾ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਯੂਥ ਸਟਾਰ ਨਿਕੋ ਪਾਜ਼ ਨੇ ਸ਼ਾਨਦਾਰ ਗੋਲ ਦਾਗ ਕੇ ਸਕੋਰ 2-0 ਕਰ ਦਿੱਤਾ। 69ਵੇਂ ਮਿੰਟ ਵਿੱਚ ਅਰਜਨਟੀਨਾ ਨੂੰ ਪੈਨਲਟੀ ਮਿਲੀ। ਮੈਸੀ ਨੇ ਠੰਢੇ ਦਿਮਾਗ ਨਾਲ ਗੇਂਦ ਨੂੰ ਟੌਪ-ਰਾਈਟ ਕਾਰਨਰ ਵਿੱਚ ਪਹੁੰਚਾ ਕੇ ਸਕੋਰ 3-0 ਕਰ ਦਿੱਤਾ। ਗੋਲ ਹੁੰਦੇ ਹੀ ਪੂਰੀ ਟੀਮ ਨੇ ਆਪਣੇ ਕਪਤਾਨ ਨੂੰ ਹਵਾ ਵਿੱਚ ਚੁੱਕ ਕੇ ਇਸ ਇਤਿਹਾਸਕ ਪਲ ਦਾ ਜਸ਼ਨ ਮਨਾਇਆ।

ਇੱਕ ਯੁੱਗ ਦਾ ਅੰਤ, ਬਿਨਾਂ ਕਿਸੇ ਸ਼ਿਕਾਇਤ ਦੇ ਵਿਦਾਈ
ਮੈਚ ਦੇ ਅੰਤਿਮ ਪਲਾਂ ਵਿੱਚ ਮੈਸੀ ਕੋਲ ਆਪਣਾ ਦੂਜਾ ਗੋਲ ਦਾਗਣ ਅਤੇ ਫ੍ਰੀ-ਕਿੱਕ ਨਾਲ ਜਾਦੂਈ ਅੰਤ ਕਰਨ ਦੇ ਮੌਕੇ ਮਿਲੇ, ਪਰ ਗੇਂਦ ਗੋਲਪੋਸਟ ਦੇ ਉੱਪਰੋਂ ਲੰਘ ਗਈ। ਅੰਤਿਮ ਸੀਟੀ ਵੱਜਦੇ ਹੀ ਪੂਰਾ ਸਟੇਡੀਅਮ ਆਪਣੇ ਸਭ ਤੋਂ ਵੱਡੇ ਨਾਇਕ ਦੇ ਨਾਂ ਦੇ ਨਾਅਰੇ ਲਗਾਉਣ ਲੱਗਾ। ਇੱਕ ਪੈਨਲਟੀ ਗੋਲ, ਇੱਕ ਅਸਿਸਟ, ਅੱਖਾਂ ਵਿੱਚ ਹੰਝੂ ਅਤੇ ਦੇਸ਼ ਲਈ ਸਭ ਕੁਝ ਨਿਛਾਵਰ ਕਰ ਦੇਣ ਵਾਲੇ ਲਿਓਨਲ ਮੈਸੀ ਨੇ ਆਖਰਕਾਰ ਆਪਣੀ ਰਾਸ਼ਟਰੀ ਟੀਮ ਅਰਜਨਟੀਨਾ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।


author

Tarsem Singh

Content Editor

Related News