ਇਹ ਹੁੰਦੈ Confidence ! ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਧਾਕੜ ਨੇ ਕਿਹਾ ਸੀ- ''''14ਵੇਂ ਮੈਚ ਤੋਂ ਬਾਅਦ...''''

Tuesday, May 27, 2025 - 10:48 AM (IST)

ਇਹ ਹੁੰਦੈ Confidence ! ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਧਾਕੜ ਨੇ ਕਿਹਾ ਸੀ- ''''14ਵੇਂ ਮੈਚ ਤੋਂ ਬਾਅਦ...''''

ਸਪੋਰਟਸ ਡੈਸਕ- ਸੋਮਵਾਰ ਨੂੰ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਪੰਜਾਬ ਕਿੰਗਜ਼ ਪੁਆਇੰਟ ਟੇਬਲ 'ਚ ਸਿਖ਼ਰ 'ਤੇ ਪਹੁੰਚ ਗਈ ਹੈ ਤੇ ਟਾਪ-2 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਿਸ ਮਗਰੋਂ ਟੀਮ ਨੂੰ ਹੁਣ ਫਾਈਨਲ 'ਚ ਪੁੱਜਣ ਲਈ 2 ਮੌਕੇ ਮਿਲਣਗੇ। 

ਇਸ ਦੌਰਾਨ ਜਿੱਥੇ ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਹੀ ਟੀਮ ਦਾ ਪ੍ਰਦਰਸ਼ਨ ਧਮਾਕੇਦਾਰ ਰਿਹਾ ਹੈ, ਉੱਥੇ ਹੀ ਸ਼ਾਨਦਾਰ ਅਗਵਾਈ ਲਈ ਟੀਮ ਦੇ ਕਪਤਾਨ 'ਸਰਪੰਚ ਸਾਬ੍ਹ' ਸ਼੍ਰੇਅਸ ਅਈਅਰ ਦੀ ਵੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਉਨ੍ਹਾਂ ਨੇ ਜਿੱਥੇ ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੈਂਪੀਅਨ ਬਣਾਇਆ ਸੀ, ਉੱਥੇ ਹੀ ਇਸ ਵਾਰ ਉਹ ਪੰਜਾਬ ਲਈ ਵੀ ਉਹੀ ਕੰਮ ਕਰਦੇ ਨਜ਼ਰ ਆ ਰਹੇ ਹਨ ਤੇ ਟੀਮ ਟਰਾਫ਼ੀ ਦੇ ਬੇਹੱਦ ਨੇੜੇ ਪਹੁੰਚ ਗਈ ਹੈ।

ਸਾਲ 2014 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਟੀਮ ਪੁਆਇੰਟ ਟੇਬਲ 'ਚ ਸਿਖ਼ਰ 'ਤੇ ਰਹਿ ਕੇ ਪਲੇਆਫ਼ ਲਈ ਕੁਆਲੀਫਾਈ ਕੀਤੀ ਹੋਵੇ। ਹਾਲਾਂਕਿ ਉਦੋਂ ਟੀਮ ਨੂੰ ਫਾਈਨਲ 'ਚ ਕੋਲਕਾਤਾ ਨਾਈਟ ਰਾਈਡਰਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਵਾਰ ਇਸ ਨਵੀਂ ਟੀਮ ਤੋਂ ਹਰ ਕਿਸੇ ਨੂੰ ਆਸ ਹੈ ਕਿ ਕਪਤਾਨ ਅਈਅਰ ਦੀ ਅਗਵਾਈ 'ਚ ਇਸ ਵਾਰ ਟਰਾਫ਼ੀ ਜ਼ਰੂਰ ਚੁੱਕੇਗੀ।

ਇਹ ਵੀ ਪੜ੍ਹੋ- 'ਸਰਪੰਚ ਸਾਬ੍ਹ' ਨੇ ਪੰਜਾਬ ਕਿੰਗਜ਼ ਨੂੰ ਬਣਾਇਆ Table Topper ; ਹਰ ਪਾਸੇ ਹੋ ਰਹੇ ਚਰਚੇ

 

ਸੋਮਵਾਰ ਨੂੰ ਪੰਜਾਬ ਦੇ ਮੁੰਬਈ ਇੰਡੀਅਨਜ਼ ਨਾਲ ਹੋਏ ਮੁਕਾਬਲੇ ਤੋਂ ਬਾਅਦ ਟੀਮ ਦੇ ਧਾਕੜ ਬੱਲੇਬਾਜ਼ ਸ਼ਸ਼ਾਂਕ ਸਿੰਘ ਦੇ ਇਕ ਪੌਡਕਾਸਟ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿੱਥੇ ਉਸ ਨੇ ਕਿਹਾ ਸੀ ਕਿ ਮੌਜੂਦਾ ਟੀਮ ਨੂੰ ਦੇਖਦੇ ਹੋਏ ਮੈਂ ਇਹ ਕਹਿ ਸਕਦਾ ਹਾਂ ਕਿ ਟੀਮ ਆਪਣੇ 14ਵੇਂ ਮੈਚ ਤੋਂ ਬਾਅਦ ਪੁਆਇੰਟ ਟੇਬਲ 'ਤੇ ਪਹਿਲੇ ਸਥਾਨ 'ਤੇ ਹੋਵੇਗੀ। 

𝐁𝐞𝐥𝐢𝐞𝐯𝐞𝐝 𝐢𝐭! 𝐋𝐢𝐯𝐞𝐝 𝐢𝐭! 😤@shashank2191 pic.twitter.com/2dE7K0s5nk

— Punjab Kings (@PunjabKingsIPL) May 26, 2025

ਇਹ ਵੀਡੀਓ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੈ, ਜਦੋਂ ਉਸ ਨੇ ਮੌਜੂਦਾ ਟੀਮ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਸੀ ਕਿ ਇਹ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਪੰਜਾਬ ਟੀਮ ਦਾ ਖਿਡਾਰੀ ਹਾਂ, ਸਗੋਂ ਮੈਨੂੰ ਯਕੀਨ ਹੈ ਕਿ ਇਸ ਵਾਰ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਆਪਣੇ ਆਖਰੀ ਲੀਗ ਮੈਚ ਤੋਂ ਬਾਅਦ ਟੀਮ ਪਹਿਲੇ ਸਥਾਨ 'ਤੇ ਕਾਬਜ਼ ਹੋਵੇਗੀ। 

ਹੈਰਾਨੀ ਦੀ ਗੱਲ ਹੈ ਕਿ ਹੋਇਆ ਵੀ ਅਜਿਹਾ ਹੀ। ਸ਼ਸ਼ਾਂਕ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਸਾਬਿਤ ਹੋਈ ਹੈ ਤੇ ਇਸ ਸਮੇਂ ਪੰਜਾਬ ਦੀ ਟੀਮ ਟੇਬਲ ਟਾਪਰ ਬਣੀ ਹੋਈ ਹੈ ਤੇ ਉਸ ਦਾ ਟਾਪ-2 'ਚ ਰਹਿਣਾ ਪੱਕਾ ਹੋ ਗਿਆ ਹੈ, ਜਿਸ ਨਾਲ ਉਸ ਨੂੰ ਫਾਈਨਲ 'ਚ ਪੁੱਜਣ ਲਈ 2 ਮੌਕੇ ਮਿਲਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਇਸ ਵਾਰ ਆਪਣਾ ਪਹਿਲਾ ਖ਼ਿਤਾਬ ਜਿੱਤਣ 'ਚ ਕਾਮਯਾਬ ਹੁੰਦੀ ਹੈ, ਜਿਸ ਦੀ ਹਰ ਕੋਈ ਉਮੀਦ ਕਰ ਰਿਹਾ ਹੈ, ਜਾਂ ਫ਼ਿਰ ਟੀਮ ਇਕ ਵਾਰ ਫ਼ਿਰ ਤੋਂ ਖ਼ਿਤਾਬ ਦੇ ਇੰਨਾ ਨੇੜੇ ਆ ਕੇ ਅਸਫ਼ਲ ਹੋ ਜਾਵੇਗੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News