ਤਮੀਮ ਇਕਬਾਲ ਨੇ ਕੌਮਾਂਤਰੀ ਕਰੀਅਰ ਨੂੰ ਕਿਹਾ ਅਲਵਿਦਾ

Sunday, Jan 12, 2025 - 12:23 PM (IST)

ਤਮੀਮ ਇਕਬਾਲ ਨੇ ਕੌਮਾਂਤਰੀ ਕਰੀਅਰ ਨੂੰ ਕਿਹਾ ਅਲਵਿਦਾ

ਢਾਕਾ– ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਇਕਬਾਲ ਨੇ ਆਪਣੇ ਕਰੀਅਰ ਵਿਚ ਬੰਗਲਾਦੇਸ਼ ਲਈ ਸਾਰੇ ਫਾਰਮੈਟਾਂ ਵਿਚ 387 ਮੈਚ ਖੇਡੇ ਹਨ ਤੇ 15,192 ਦੌੜਾਂ ਬਣਾਈਆਂ ਹਨ ਜਿਹੜਾ ਮੁਸ਼ਫਿਕਰ ਰਹੀਮ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਹੈ।

ਤਮੀਮ ਨੇ ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ,‘‘ਮੈਂ ਲੰਬੇ ਸਮੇਂ ਤੋਂ ਕੌਮਾਂਤਰੀ ਕ੍ਰਿਕਟ ਤੋਂ ਦੂਰ ਹਾਂ । ਉਹ ਦੂਰੀ ਬਣੀ ਰਹੇਗੀ। ਕੌਮਾਂਤਰੀ ਕ੍ਰਿਕਟ ਵਿਚ ਮੇਰਾ ਅਧਿਆਏ ਖਤਮ ਹੋ ਗਿਆ ਹੈ। ਮੈਂ ਲੰਬੇ ਸਮੇਂ ਤੋਂ ਇਸ ਬਾਰੇ ਵਿਚ ਸੋਚ ਰਿਹਾ ਸੀ। ਹੁਣ ਜਦੋਂ ਚੈਂਪੀਅਨਜ਼ ਟਰਾਫੀ ਵਰਗਾ ਵੱਡਾ ਆਯੋਜਨ ਆ ਰਿਹਾ ਹੈ ਤਾਂ ਮੈਂ ਕਿਸੇ ਦੇ ਧਿਆਨ ਦਾ ਕੇਂਦਰ ਨਹੀਂ ਬਣਨਾ ਚਾਹੁੰਦਾ, ਜਿਸ ਨਾਲ ਟੀਮ ਦਾ ਧਿਆਨ ਭਟਕ ਸਕਦਾ ਹੈ। ਬੇਸ਼ੱਕ ਮੈਂ ਪਹਿਲਾਂ ਵੀ ਅਜਿਹਾ ਨਹੀਂ ਚਾਹੁੰਦਾ ਸੀ।’’

ਇਸ ਤੋਂ ਪਹਿਲਾਂ ਜੁਲਾਈ 2023 ਵਿਚ ਇਕਾਬਲ ਨੇ ਸੰਨਿਆਸ ਦਾ ਐਲਾਨ ਕੀਤਾ ਸੀ ਪਰ ਬਾਅਦ ਵਿਚ ਉਸ ਨੇ ਆਪਣਾ ਫੈਸਲਾ ਪਲਟ ਦਿੱਤਾ। 35 ਸਾਲਾ ਖਿਡਾਰੀ ਨੇ 70 ਟੈਸਟ ਮੈਚਾਂ ਵਿਚ 5134 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਨ ਡੇ ਵਿਚ 243 ਮੈਚਾਂ ਵਿਚ 8357 ਦੌੜਾਂ ਤੇ 78 ਟੀ-20 ਵਿਚ 1758 ਦੌੜਾਂ ਬਣਾਈਆਂ। ਉਸ ਦੀ ਆਖਰੀ ਕੌਮਾਂਤਰੀ ਪਾਰੀ ਸਤੰਬਰ 2023 ਵਿਚ ਨਿਊਜ਼ੀਲੈਂਡ ਵਿਰੁੱਧ ਸੀ।


author

Tarsem Singh

Content Editor

Related News