ਸੂਰਯਕੁਮਾਰ ਯਾਦਵ ਦੀ ਬੱਲੇਬਾਜ਼ੀ ਫਾਰਮ ਤੋਂ ਚਿੰਤਿਤ ਨਹੀਂ : ਗੰਭੀਰ
Tuesday, Oct 28, 2025 - 12:18 AM (IST)
ਨਵੀਂ ਦਿੱਲੀ–ਭਾਰਤ ਦਾ ਮੁੱਖ ਕੋਚ ਗੌਤਮ ਗੰਭੀਰ ਟੀ-20 ਕਪਤਾਨ ਸੂਰਯਕੁਮਾਰ ਯਾਦਵ ਦੀ ਖਰਾਬ ਫਾਰਮ ਤੋਂ ਪ੍ਰੇਸ਼ਾਨ ਨਹੀਂ ਹੈ ਕਿਉਂਕਿ ਜਦੋਂ ਟੀਮ ਬਹੁਤ ਜ਼ਿਆਦਾ ਹਮਲਾਵਰ ਕ੍ਰਿਕਟ ਖੇਡਣ ’ਤੇ ਧਿਆਨ ਕੇਂਦ੍ਰਿਤ ਕਰਦੀ ਹੈ ਤਾਂ ‘ਅਸਫਲਤਾਵਾਂ ਵੀ ਮਿਲਦੀਆਂ ਹਨ’।ਭਾਰਤ ਨੇ ਪਿਛਲੇ ਮਹੀਨੇ ਯੂ. ਏ. ਈ. ਵਿਚ ਸੂਰਯਕੁਮਾਰ ਯਾਦਵ ਦੀ ਕਪਤਾਨੀ ਵਿਚ ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ ਸੀ ਪਰ ਭਾਰਤੀ ਕਪਤਾਨ ਦੀ ਬੱਲੇਬਾਜ਼ੀ ਫਾਰਮ ਕੁਝ ਖਾਸ ਨਹੀਂ ਰਹੀ ਕਿਉਂਕਿ ਉਹ 7 ਪਾਰੀਆਂ ਵਿਚ ਸਿਰਫ 72 ਦੌੜਾਂ ਹੀ ਬਣਾ ਸਕਿਆ ਸੀ। ਹਾਲਾਂਕਿ ਮੁੱਖ ਕੋਚ ਨੇ ਸੂਰਯਕੁਮਾਰ ਦਾ ਸਮਰਥਨ ਕੀਤਾ ਹੈ।
ਗੰਭੀਰ ਨੇ ਇੱਥੇ ਕਿਹਾ, ‘‘ਈਮਾਨਦਾਰੀ ਨਾਲ ਕਹਾਂ ਤਾਂ ਸੂਰਯਕੁਮਾਰ ਦੀ ਬੱਲੇਬਾਜ਼ੀ ਫਾਰਮ ਤੋਂ ਮੈਂ ਚਿੰਤਿਤ ਨਹੀਂ ਹਾਂ ਕਿਉਂਕਿ ਅਸੀਂ ਆਪਣੇ ਡ੍ਰੈਸਿੰਗ ਰੂਮ ਵਿਚ ਬਹੁਤ ਜ਼ਿਆਦਾ ਹਮਲਵਾਰ ਰਵੱਈਆ ਅਪਣਾਇਆ ਹੈ। ਜਦੋਂ ਤੁਸੀਂ ਇਸ ਸੋਚ ਨੂੰ ਅਪਣਾਉਂਦੇ ਹੋ ਤਾਂ ਅਸਫਲਤਾਵਾਂ ਵੀ ਮਿਲਦੀਆਂ ਹਨ।’’ਉਸ ਨੇ ਕਿਹਾ, ‘‘ਸੂਰਯਕੁਮਾਰ ਲਈ 30 ਗੇਂਦਾਂ ਵਿਚ 40 ਦੌੜਾਂ ਬਣਾਉਣਾ ਤੇ ਆਲੋਚਨਾ ਤੋਂ ਬਚਣਾ ਆਸਾਨ ਹੁੰਦਾ ਹੈ ਪਰ ਅਸੀਂ ਮਿਲ ਕੇ ਤੈਅ ਕੀਤਾ ਹੈ ਕਿ ਇਸ ਤਰੀਕੇ ਨੂੰ ਅਪਣਾਉਂਦੇ ਹੋਏ ਅਸਫਲ ਹੋਣ ਵਿਚ ਕੋਈ ਸਮੱਸਿਆ ਨਹੀਂ ਹੈ।’’ਜਦੋਂ ਸੂਰਯਕੁਮਾਰ ਬੱਲੇ ਤੋਂ ਚੰਗਾ ਪ੍ਰਦਰਸ਼ਨ ਕਰਨ ਲਈ ਜੂਝ ਰਿਹਾ ਸੀ ਤਦ ਅਭਿਸ਼ੇਕ ਸ਼ਰਮਾ ਤੇ ਤਿਲਕ ਵਰਮਾ ਵਰਗੇ ਖਿਡਾਰੀਆਂ ਨੇ ਆਪਣੀ ਜ਼ਬਰਦਸਤ ਬੱਲੇਬਾਜ਼ੀ ਨਾਲ ਟੂਰਨਾਮੈਂਟ ਵਿਚ ਧਮਾਲ ਮਚਾ ਦਿੱਤੀ। ਗੰਭੀਰ ਨੇ ਕਿਹਾ ਕਿ ਉਸਦਾ ਧਿਆਨ ਕਿਸੇ ਇਕ ਖਿਡਾਰੀ ’ਤੇ ਨਹੀਂ ਸਗੋਂ ਪੂਰੀ ਟੀਮ ’ਤੇ ਹੈ।ਉਸ ਨੇ ਕਿਹਾ, ‘‘ਅਜੇ ਅਭਿਸ਼ੇਕ ਸ਼ਰਮਾ ਚੰਗੀ ਫਾਰਮ ਵਿਚ ਹੈ ਤੇ ਉਸ ਨੇ ਪੂਰੇ ਏਸ਼ੀਆ ਕੱਪ ਵਿਚ ਇਸ ਨੂੰ ਬਰਕਰਾਰ ਰੱਖਿਆ ਹੈ।’’
ਗੰਭੀਰ ਨੇ ਕਿਹਾ, ‘‘ਟੀ-20 ਕ੍ਰਿਕਟ ਵਿਚ ਸਾਡਾ ਧਿਆਨ ਵਿਅਕਤੀਗਤ ਦੌੜਾਂ ’ਤੇ ਨਹੀਂ ਸਗੋਂ ਉਸ ਤਰ੍ਹਾਂ ਦੀ ਕ੍ਰਿਕਟ ’ਤੇ ਹੁੰਦਾ ਹੈ, ਜਿਸ ਤਰ੍ਹਾਂ ਦੀ ਅਸੀਂ ਖੇਡਣਾ ਚਾਹੁੰਦੇ ਹਾਂ। ਸਾਡੀ ਹਮਲਾਵਰ ਸ਼ੈਲੀ ਵਿਚ ਬੱਲੇਬਾਜ਼ ਜ਼ਿਆਦਾ ਅਸਫਲ ਹੋ ਸਕਦੇ ਹਨ ਪਰ ਆਖਿਰ ਵਿਚ ਦੌੜਾਂ ਤੋਂ ਵੱਧ ਪ੍ਰਭਾਵ ਮਾਇਨੇ ਰੱਖਦਾ ਹੈ।’’ਗੰਭੀਰ ਨੇ ਇਸ ਦੌਰਾਨ ਨਿਡਰ ਟੀਮ ਸੱਭਿਆਚਾਰ ਬਣਾਉਣ ਦੇ ਆਪਣੇ ਵਿਜ਼ਨ ਤੇ ਸੂਰਯਕੁਮਾਰ ਦੇ ਨਾਲ ਆਪਣੀ ਸਾਂਝੇਦਾਰੀ ਦੇ ਬਾਰੇ 'ਚ ਗੱਲ ਕੀਤੀ। ਉਸ ਨੇ ਕਿਹਾ ਕਿ ਸੂਰਯਕੁਮਾਰ ਇਕ ਬਿਹਤਰੀਨ ਇਨਸਾਨ ਹੈ ਤੇ ਚੰਗਾ ਇਨਸਾਨ ਚੰਗਾ ਅਗਵਾਈਕਾਰ ਬਣਦਾ ਹੈ। ਉਹ ਮੇਰੀ ਕਾਫੀ ਸ਼ਲਾਘਾ ਕਰਦਾ ਹੈ ਪਰ ਮੇਰਾ ਕੰਮ ਸਿਰਫ ਖੇਡ ਨੂੰ ਸਮਝਣ ਦੇ ਆਪਣੇ ਤਰੀਕੇ ਦੇ ਆਧਾਰ ’ਤੇ ਉਸ ਨੂੰ ਸਹੀ ਸਲਾਹ ਦੇਣਾ ਹੈ। ਆਖਿਰਕਾਰ ਇਹ ਉਸਦੀ ਟੀਮ ਹੈ।’’ਗੰਭੀਰ ਨੇ ਕਿਹਾ, ‘‘ਉਸਦਾ ਆਜ਼ਾਦ ਖਿਆਲਾਂ ਵਾਲਾ ਸੁਭਾਅ ਟੀ-20 ਕ੍ਰਿਕਟ ਦੀ ਸਾਰ ਨਾਲ ਪੂਰੀ ਤਰ੍ਹਾਂ ਤਰ੍ਹਾਂ ਮੇਲ ਖਾਂਦਾ ਹੈ। ਇਹ ਆਜ਼ਾਦੀ ਤੇ ਖੁਦ ਨੂੰ ਜ਼ਾਹਿਰ ਕਰਨ ਦੇ ਬਾਰੇ ਵਿਚ ਹੈ। ਸੂਰਯਕੁਮਾਰ ਨੇ ਪਿਛਲੇ ਡੇਢ ਸਾਲ ਵਿਚ ਇਸ ਮਾਹੌਲ ਨੂੰ ਸ਼ਾਨਦਾਰ ਢੰਗ ਨਾਲ ਬਰਕਰਾਰ ਰੱਖਿਆ ਹੈ।’’
