ਮੈਚ ਤੋਂ ਪਹਿਲਾਂ ਸ਼੍ਰੀਲੰਕਾਈ ਕਪਤਾਨ ਮਲਿੰਗਾ ਦਾ ਵੱਡਾ ਬਿਆਨ, ਬੁਮਰਾਹ ਹੈ ਸਾਡੇ ਨਿਸ਼ਾਨੇ 'ਤੇ
Sunday, Jan 05, 2020 - 01:23 PM (IST)

ਗੁਹਾਟੀ : ਸ਼੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਟੀਮ ਆਸਟਰੇਲੀਆ ਵਿਚ ਇਸ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੇ ਨਾਕਆਊਟ ਗੇੜ ਲਈ ਕੁਆਲੀਫਾਈ ਕਰ ਲੈਂਦੀ ਹੈ ਤਾਂ ਉਸ ਨੂੰ ਸੰਨਿਆਸ ਲੈਣ ਦਾ ਫੈਸਲਾ ਲੈਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਟੀ-20 ਕੌਮਾਂਤਰੀ ਮੈਚਾਂ ਵਿਚ 100 ਵਿਕਟਾਂ ਹਾਸਲ ਕਰਨ ਵਾਲੇ ਇਕਲੌਤੇ ਗੇਂਦਬਾਜ਼ ਮਲਿੰਗਾ ਨੇ ਮਾਰਚ 2019 ਵਿਚ ਕਿਹਾ ਸੀ ਕਿ ਉਹ ਅਕਤੂਬਰ-ਨਵੰਬਰ 2020 ਵਿਚ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈ ਸਕਦੇ ਹਨ ਪਰ ਫਿਰ ਬਾਅਦ ਵਿਚ ਉਸ ਨੇ 2 ਸਾਲ ਹੋਰ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ।
ਆਪਣੀ ਸਟੀਕ ਯਾਰਕਰ ਲਈ ਮਸ਼ਹੂਰ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਹ 2014 ਚੈਂਪੀਅਨ ਟੀਮ ਦੀ ਅਗਵਾਈ ਘੱਟੋਂ ਘੱਟ ਨਾਕਆਊਟ ਗੇੜ ਤਕ ਕਰਨਾ ਚਾਹੁੰਦੇ ਹਨ। ਮਲਿੰਗਾ ਨੇ ਭਾਰਤ ਖਿਲਾਫ ਸੀਰੀਜ਼ ਦੇ ਸ਼ੁਰੂਆਤੀ ਮੈਚ ਦੀ ਪੂਰਬਲੀ ਸ਼ਾਮ ਨੂੰ ਕਿਹਾ ਕਿ ਮੈਂ ਕਾਫੀ ਪਹਿਲਾਂ ਹੀ ਟੈਸਟ ਅਤੇ ਵਨ ਡੇ ਤੋਂ ਸੰਨਿਆਸ ਲੈ ਚੁੱਕਾ ਹਾਂ। ਮੇਰਾ ਇਕਲੌਤਾ ਟੀਚਾ ਟੀ-20 ਵਰਲਡ ਕੱਪ ਵਿਚ ਕੁਆਲੀਫਾਈਂਗ ਰਾਊਂਡ ਖੇਡਣਾ ਹੈ। ਜੇਕਰ ਸ਼੍ਰੀਲੰਕਾ ਨਾਕਆਊਟ ਲਈ ਕੁਆਲੀਫਾਈ ਕਰ ਲੈਂਦਾ ਹੈ ਤਾਂ ਮੈਨੂੰ ਇਸ ਤੋਂ ਬਾਅਦ ਕਦੇ ਵੀ ਸੰਨਿਆਸ ਲੈਣ ਤੋਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਬੁਮਰਾਹ ਨੂੰ ਨਿਸ਼ਾਨਾ ਬਣਾਉਣ ਦੀ ਕਹੀ ਗੱਲ
ਮਲਿੰਗਾ ਨੇ ਸੀਰੀਜ਼ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਭਾਰਤੀ ਤੇਜ਼ ਗੇਂਦਬਾਜ਼ ਅਤੇ ਮੁੰਬਈ ਇੰਡੀਅਨਜ਼ ਦੇ ਸਾਥੀ ਖਿਡਾਰੀ ਜਸਪ੍ਰੀਤ ਬੁਮਰਾਹ ਨੂੰ ਨਿਸ਼ਾਨਾ ਬਣਾਉਣਾ ਚਾਹੁਣਗੇ। ਕਿਉਂਕਿ ਉਹ ਸੱਟ ਤੋਂ ਵਾਪਸੀ ਕਰ ਰਹੇ ਹਨ ਅਤੇ ਅਜਿਹਾ ਕਰਨਾ ਆਸਾਨ ਨਹੀਂ ਹੈ। ਉਸ ਦੀ ਗੇਂਦਬਾਜ਼ੀ ਵਿਚ ਕਾਫੀ ਸਟੀਕਤਾ ਹੈ ਪਰ ਸੱਟ ਤੋਂ ਬਾਅਦ ਵਾਪਸੀ ਕਰਨਾ ਇੰਨਾ ਆਸਾਨ ਨਹੀਂ ਹੈ। ਅਜਿਹੇ 'ਚ ਗੇਂਦਬਾਜ਼ ਪਹਿਲੇ ਕੁਝ ਮੈਚਾਂ ਵਿਚ ਲੈਅ ਹਾਸਲ ਕਰਨ ਲਈ ਜੂਝਦੇ ਰਹਿੰਦੇ ਹਨ।