ਸਿਨਰ ਬਣਿਆ ਪੈਰਿਸ ਮਾਸਟਰਜ਼ ਦਾ ਖਿਤਾਬ ਜੇਤੂ

Tuesday, Nov 04, 2025 - 10:54 AM (IST)

ਸਿਨਰ ਬਣਿਆ ਪੈਰਿਸ ਮਾਸਟਰਜ਼ ਦਾ ਖਿਤਾਬ ਜੇਤੂ

ਸਪੋਰਟਸ ਡੈਸਕ- ਇਟਲੀ ਦੇ ਜਾਨਿਕ ਸਿਨਰ ਨੇ ਪੈਰਿਸ ਮਾਸਟਰਜ਼ ਦੇ ਫਾਈਨਲਜ਼ ਵਿੱਚ ਫੈਲਿਕਸ ਔਗਰ-ਅਲਿਯਾਸਿਮ ਨੂੰ 6-4, 7-6 (4) ਨਾਲ ਹਰਾ ਕੇ ਪੁਰਸ਼ ਟੈਨਿਸ ਵਿੱਚ ਮੁੜ ਤੋਂ ਸਿਖਰਲਾ ਦਰਜਾ ਹਾਸਲ ਕਰ ਲਿਆ ਹੈ। ਚਾਰ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੇ ਛੇ ਵਾਰ ਦੇ ਜੇਤੂ ਕਾਰਲੋਸ ਅਲਕਰਾਜ਼ ਨੂੰ ਦਰਜਾਬੰਦੀ ਵਿੱਚ ਪਛਾੜ ਦਿੱਤਾ ਹੈ। 

ਇਨਡੋਰ ਕੋਰਟ ’ਤੇ ਆਖਰੀ 26 ਮੈਚਾਂ ’ਚੋਂ ਉਹ ਕੋਈ ਵੀ ਮੈਚ ਨਹੀਂ ਹਾਰਿਆ। ਨੌਵਾਂ ਦਰਜਾ ਪ੍ਰਾਪਤ ਫੈਲਿਕਸ ਨੂੰ ਸੀਜ਼ਨ ਦੇ ਅੰਤ ਵਿੱਚ ਹੋਣ ਵਾਲੇ ਏ ਟੀ ਪੀ ਫਾਈਨਲਜ਼ ਵਿੱਚ ਥਾਂ ਬਣਾਉਣ ਲਈ ਇਹ ਟੂਰਨਾਮੈਂਟ ਜਿੱਤਣਾ ਜ਼ਰੂਰੀ ਸੀ ਪਰ ਉਹ ਨਾਕਾਮ ਰਿਹਾ। ਸਿਨਰ ਨੇ ਬਿਨਾਂ ਕੋਈ ਸੈੱਟ ਗੁਆਏ ਇਹ ਖ਼ਿਤਾਬ ਜਿੱਤ ਲਿਆ। 

ਸਿਨਰ ਨੇ ਕਿਹਾ, ‘‘ਇਹ ਬਹੁਤ ਵੱਡੀ ਗੱਲ ਹੈ। ਅਸੀਂ ਦੋਵੇਂ ਜਾਣਦੇ ਸੀ ਕਿ ਕੀ ਦਾਅ ’ਤੇ ਲੱਗਿਆ ਹੈ। ਮੈਂ ਬਹੁਤ ਖੁਸ਼ ਹਾਂ।’’ ਇਹ ਇਸ ਸਾਲ ਸਿਨਰ ਦਾ ਪੰਜਵਾਂ ਅਤੇ ਕਰੀਅਰ ਦਾ 23ਵਾਂ ਖ਼ਿਤਾਬ ਹੈ। ਫੈਲਿਕਸ ਨੇ ਕਿਹਾ, ‘‘ਉਸ ਦੀ ਸਰਵਿਸ ਨੇ ਸਭ ਕੁਝ ਤੈਅ ਕਰ ਦਿੱਤਾ। ਉਹ ਬਹੁਤ ਸ਼ਾਨਦਾਰ ਖੇਡਿਆ।’’ ਉਸ ਨੇ ਕਿਹਾ, ‘‘ਮੈਂ ਸ਼ੁਰੂ ਵਿੱਚ ਗਲਤੀਆਂ ਨਾ ਕਰਦਾ ਤਾਂ ਬਿਹਤਰ ਹੁੰਦਾ।’’ ਹਾਲਾਂਕਿ ਫੈਲਿਕਸ ਕੋਲ ਹਾਲੇ ਵੀ ਏ ਟੀ ਪੀ ਫਾਈਨਲਜ਼ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ।


author

Tarsem Singh

Content Editor

Related News