ਬੇਨਸਿਚ ਨੇ ਕਰੀਅਰ ਦਾ 10ਵਾਂ ਖਿਤਾਬ ਜਿੱਤਿਆ
Monday, Oct 27, 2025 - 02:22 PM (IST)
ਟੋਕੀਓ– ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਡਬਲਯੂ. ਟੀ. ਏ. ਪੈਨ ਪੈਸੇਫਿਕ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਲਿੰਡਾ ਨੋਸਕੋਵਾ ਨੂੰ 6-2, 6-3 ਨਾਲ ਹਰਾ ਕੇ ਆਪਣੇ ਕਰੀਅਰ ਦਾ 10ਵਾਂ ਖਿਤਾਬ ਜਿੱਤਿਆ। ਬੇਨਸਿਚ ਨੇ ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਵਿਚ 10 ਸਾਲ ਪਹਿਲਾਂ ਹਿੱਸਾ ਲਿਆ ਸੀ।
ਉਸ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ ਵਿਚ ਚੈੱਕ ਗਣਰਾਜ ਦੀ ਆਪਣੀ ਵਿਰੋਧਣ ’ਤੇ ਦਬਦਬਾ ਬਣਾਈ ਰੱਖਿਆ। ਬੇਨਸਿਚ ਨੇ ਨੋਸਕੋਵਾ ਦੀ ਸਰਵਿਸ 3 ਵਾਰ ਤੋੜਦੇ ਹੋਏ ਇਕ ਘੰਟਾ 22 ਮਿੰਟ ਵਿਚ ਆਸਾਨ ਜਿੱਤ ਹਾਸਲ ਕੀਤੀ। ਟੋਕੀਓ ਨਾਲ ਸਵਿਸ ਖਿਡਾਰਨ ਦੀਆਂ ਸੁਖਦਾਇਕ ਯਾਦਾਂ ਜੁੜੀਆਂ ਹਨ। ਉਸ ਨੇ 4 ਸਾਲ ਪਹਿਲਾਂ ਟੋਕੀਓ ਵਿਚ ਓਲੰਪਿਕ ਮਹਿਲਾ ਸਿੰਗਲਜ਼ ਵਿਚ ਸੋਨ ਤਮਗਾ ਤੇ ਡਬਲਜ਼ ਵਿਚ ਚਾਂਦੀ ਤਮਗਾ ਜਿੱਤਿਆ ਸੀ।
ਮੈਚ ਤੋਂ ਬਾਅਦ ਬੇਨਸਿਚ ਨੇ ਕਿਹਾ, ‘‘ਤੁਹਾਡੇ (ਮੌਜੂਦ ਦਰਸ਼ਕ) ਸਾਹਮਣੇ ਖੇਡਣਾ ਸ਼ਾਨਦਾਰ ਰਿਹਾ। ਪਿਛਲੀ ਵਾਰ ਮੈਂ ਇੱਥੇ ਜਦੋਂ ਟੋਕੀਓ ਓਲੰਪਿਕ ਵਿਚ ਜਿੱਤ ਹਾਸਲ ਕੀਤੀ ਸੀ ਤਦ ਸਟੇਡੀਅਮ ਖਾਲੀ ਸੀ, ਇਸ ਲਈ ਮਾਹੌਲ ਬਿਲਕੁਲ ਵੱਖਰਾ ਸੀ ਪਰ ਤੁਸੀਂ ਲੋਕਾਂ ਦੇ ਸਾਹਮਣੇ ਖੇਡਣਾ ਬਹੁਤ ਚੰਗਾ ਲੱਗਾ। ਮੈਨੂੰ ਜਾਪਾਨ ਵਿਚ ਖੇਡਣਾ ਪਸੰਦ ਹੈ, ਇਸ ਲਈ ਮੈਂ ਇਹ ਟੂਰਨਾਮੈਂਟ ਜਿੱਤ ਕੇ ਬਹੁਤ ਖੁਸ਼ ਹਾਂ।’’
