ਵਿੰਬਲਡਨ ''ਚ 113ਵੀਂ ਰੈਂਕਿੰਗ ਦੀ ਖਿਡਾਰੀ ਦੇ ਖ਼ਿਲਾਫ਼ ਸ਼ੁਰੂਆਤ ਕਰੇਗੀ ਸੇਰੇਨਾ ਵਿਲੀਅਮਸ
Saturday, Jun 25, 2022 - 02:10 PM (IST)

ਵਿੰਬਲਡਨ - ਵਾਪਸੀ ਕਰ ਰਹੀ ਸੇਰੇਨਾ ਵਿਲੀਅਮਸ ਟੈਨਿਸ ਗ੍ਰੈਂਡ ਸਲੈਮ ਦੇ ਸ਼ੁਰੂਆਤੀ ਮੁਕਾਬਲੇ 'ਚ ਫਰਾਂਸ ਦੀ 24 ਸਾਲਾ ਹਾਰਮਨੀ ਟੈਨ ਦੇ ਸਾਹਮਣੇ ਹੋਵੇਗੀ ਜਿਨ੍ਹਾਂ ਦੀ ਰੈਂਕਿੰਗ 113 ਹੈ। ਰਿਕਾਰਡ 23 ਗ੍ਰੈਂਡ ਸਲੈਮ ਸਿੰਗਲ ਖ਼ਿਤਾਬ ਆਪਣੇ ਨਾਂ ਕਰ ਚੁੱਕੀ ਸੇਰੇਨਾ ਇਕ ਸਾਲ ਪਹਿਲਾਂ ਸੈਂਟਰ ਕੋਰਟ 'ਤੇ ਪਹਿਲੇ ਦੌਰ ਦੇ ਪਹਿਲੇ ਸੈੱਟ ਦੇ ਦੌਰਾਨ ਪੈਰ 'ਤੇ ਸੱਟ ਲਵਾ ਬੈਠੀ ਸੀ। ਇਸ ਦੇ ਬਅਦ ਤੋਂ ਉਹ ਕਿਸੇ ਵੀ ਟੂਰਨਾਮੈਂਟ ਦੇ ਸਿੰਗਲ 'ਚ ਪਹਿਲੀ ਵਾਰ ਸ਼ਿਰਕਤ ਕਰੇਗੀ।
ਸੇਰੇਨਾ ਪਿਛਲੇ 12 ਮਹੀਨਿਆਂ 'ਚ ਕਿਸੇ ਟੂਰਨਾਮੈਂਟ 'ਚ ਨਹੀਂ ਖੇਡੀ ਜਿਸ ਨਾਲ ਉਹ ਇਸ ਹਫ਼ਤੇ ਡਬਲਯੂ. ਟੀ. ਏ. ਰੈਂਕਿੰਗ 'ਚ ਚੋਟੀ ਦੇ 1,200 ਤੋਂ ਬਾਹਰ ਹੈ। ਉਨ੍ਹਾਂ ਨੇ ਇਸ ਹਫ਼ਤੇ ਹੀ ਟੂਰ 'ਤੇ ਵਾਪਸੀ ਕੀਤੀ ਤੇ ਇੰਗਲੈਂਡ 'ਚ ਤਿਆਰੀਆਂ ਦੇ ਟੂਰਨਾਮੈਂਟ 'ਚ ਦੋ ਡਬਲਜ਼ ਮੈਚ ਖੇਡੇ। ਉਹ 7 ਵਾਰ ਵਿੰਬਲਡਨ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ ਜਦਕਿ ਟੈਨ ਗ੍ਰਾਸ ਕੋਰਟ ਟੂਰਨਾਮੈਂਟ 'ਚ ਡੈਬਿਊ ਕਰੇਗੀ।
ਪਹਿਲੇ ਮੁਕਾਬਲੇ ਦੇ ਬਾਅਦ ਸੇਰੇਨਾ ਦਾ ਸਾਹਮਣਾ 32ਵਾਂ ਦਰਜਾ ਪ੍ਰਾਪਤ ਸਾਰਾ ਸੋਰਿਬੇਸ ਟੋਰਮੋ ਨਾਲ ਹੋ ਸਕਦਾ ਹੈ ਜਦਕਿ ਤੀਜੇ ਦੌਰ 'ਚ ਉਨ੍ਹਾਂ ਨੂੰ ਛੇਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਤੋਂ ਚੁਣੌਤੀ ਮਿਲ ਸਕਦੀ ਹੈ ਜੋ ਪਿਛਲੇ ਸਾਲ ਉਪ ਜੇਤੂ ਰਹੀ ਸੀ ਤੇ 2016 ਅਮਰੀਕੀ ਓਪਨ ਦੇ ਸੈਮੀਫਾਈਨਲ 'ਚ ਸੇਰੇਨਾ ਨੂੰ ਹਰਾ ਕੇ ਫਾਈਨਲ 'ਚ ਪੁੱਜੀ ਸੀ। ਸਾਬਕਾ ਚੈਂਪੀਅਨ ਐਸ਼ ਬਾਰਟੀ ਨੇ ਮਾਰਚ 'ਚ 25 ਸਾਲ ਦੀ ਉਮਰ 'ਚ ਸੰਨਿਆਸ ਲੈ ਲਿਆ ਸੀ ਤੇ ਉਹ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰੇਗੀ।