ਇਕ ਵਾਰ ਫ਼ਿਰ ''ਹੱਥ ਆਈ ਪਰ ਮੂੰਹ ਨਾ ਲੱਗੀ'' ! 10 ਦਿਨਾਂ ''ਚ ਦੂਜਾ ਫਾਈਨਲ ਹਾਰ ਗਏ ''ਸਰਪੰਚ ਸਾਬ੍ਹ''
Friday, Jun 13, 2025 - 09:16 AM (IST)

ਸਪੋਰਟਸ ਡੈਸਕ- ਆਈ.ਪੀ.ਐੱਲ. 2025 ਦੇ ਖਿਤਾਬੀ ਮੁਕਾਬਲੇ 'ਚ 3 ਜੂਨ ਨੂੰ ਰਾਇਲ ਚੈਲੰਜਰਜ਼ ਬੰਗਲੁਰੂ ਹੱਥੋਂ ਮਿਲੀ ਹਾਰ ਦੇ ਜ਼ਖ਼ਮ ਹਾਲੇ ਭਰੇ ਨਹੀਂ ਸੀ ਕਿ 'ਸਰਪੰਚ ਸਾਬ੍ਹ' ਵਜੋਂ ਮਸ਼ਹੂਰ ਹੋਏ ਸ਼੍ਰੇਅਸ ਅਈਅਰ ਦੀ ਟੀਮ ਨੂੰ 10 ਦਿਨਾਂ 'ਚ ਦੂਜੀ ਵਾਰ ਫਾਈਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਦਰਅਸਲ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਮੁੰਬਈ ਫਾਲਕਨਜ਼ ਦੀ ਟੀਮ ਨੂੰ ਵੀਰਵਾਰ ਨੂੰ ਖੇਡੇ ਗਏ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਮਰਾਠਾ ਰਾਇਲਜ਼ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਸ਼੍ਰੇਅਸ ਅਈਅਰ ਨੂੰ ਆਪਣੀ ਕਪਤਾਨੀ 'ਚ ਲਗਾਤਾਰ ਦੂਜੇ ਟੂਰਨਾਮੈਂਟ ਦੇ ਫਾਈਨਲ 'ਚ ਹਾਰ ਝੱਲਣੀ ਪਈ ਹੈ।
ਇਸ ਮੁਕਾਬਲੇ 'ਚ ਸਿਧੇਸ਼ ਲਾਡ ਦੀ ਕਪਤਾਨੀ 'ਚ ਖੇਡ ਰਹੇ ਮਰਾਠਾ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਮੁੰਬਈ ਫਾਲਕਨਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਯੂਰੇਸ਼ ਕੈਲਾਸ਼ ਟੰਡੇਲ (50) ਦੇ ਅਰਧ ਸੈਂਕੜੇ ਤੇ ਹਰਸ਼ ਰਾਮਨਾਥ ਆਘਵ (45*) ਦੀ ਤੇਜ਼ ਪਾਰੀ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ ਸਨ।
ਹਾਲਾਂਕਿ ਇਸ ਖ਼ਿਤਾਬੀ ਮੁਕਾਬਲੇ 'ਚ ਵੀ ਕਪਤਾਨ ਅਈਅਰ ਫਲਾਪ ਰਹੇ ਤੇ 17 ਗੇਂਦਾਂ 'ਚ ਸਿਰਫ਼ 12 ਦੌੜਾਂ ਹੀ ਬਣਾ ਸਕੇ। ਇਸ ਕਾਰਨ ਮੁੰਬਈ ਫਾਲਕਨਜ਼ ਵੱਡਾ ਸਕੋਰ ਖੜ੍ਹਾ ਕਰਨ 'ਚ ਕਾਮਯਾਬ ਨਹੀਂ ਹੋ ਸਕੀ ਤੇ ਮਰਾਠਾ ਰਾਇਲਜ਼ ਨੂੰ 158 ਦੌੜਾਂ ਦਾ ਟੀਚਾ ਦਿੱਤਾ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਮਰਾਠਾ ਰਾਇਲਜ਼ ਵੱਲੋਂ ਇੰਪੈਕਟ ਪਲੇਅਰ ਵਜੋਂ ਉਤਰੇ ਚਿਨਮੈ ਰਾਜੇਸ਼ ਸੁਤਾਰ ਨੇ 49 ਗੇਂਦਾਂ 'ਚ 59 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਵੱਲ ਵਧਾਇਆ। ਉਸ ਦੇ ਆਊਟ ਹੋਣ ਮਗਰੋਂ ਸਾਹਿਲ ਭਗਵੰਤਾ ਜਾਧਵ (22) ਤੇ ਖ਼ਾਨ ਆਵੇਸ਼ ਨੌਸ਼ਾਦ (38) ਦੀਆਂ ਪਾਰੀਆਂ ਦੀ ਬਦੌਲਤ ਮਰਾਠਾ ਰਾਇਲਜ਼ ਨੇ ਸਿਰਫ਼ 5 ਵਿਕਟਾਂ ਗੁਆ ਕੇ 19.2 ਓਵਰਾਂ 'ਚ ਹੀ 158 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ ਤੇ ਖ਼ਿਤਾਬ ਆਪਣੇ ਨਾਂ ਕਰ ਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e