ਸਬਾਲੇਂਕਾ ਦੀ ਜੇਤੂ ਮੁਹਿੰਮ ਜਾਰੀ, ਓਸਾਕਾ ਚਾਈਨਾ ਓਪਨ ''ਚ ਗੌਫ ਨਾਲ ਭਿੜੇਗੀ
Tuesday, Oct 01, 2024 - 01:25 PM (IST)
ਬੀਜਿੰਗ, (ਭਾਸ਼ਾ) : ਤਿੰਨ ਵਾਰ ਦੀ ਗ੍ਰੈਂਡ ਸਲੈਮ ਜੇਤੂ ਐਰਿਨਾ ਸਬਲੇਂਕਾ ਨੇ ਸੋਮਵਾਰ ਨੂੰ ਇੱਥੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਵਿੱਚ ਐਸ਼ਲਿਨ ਕਰੂਗਰ ਨੂੰ 6-2, 6-2 ਨਾਲ ਹਰਾ ਕੇ 14ਵੀਂ ਜਿੱਤ ਦਰਜ ਕੀਤੀ ਅਤੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਸਬਲੇਂਕਾ ਦਾ ਸਾਹਮਣਾ ਹੁਣ ਅਮਰੀਕਾ ਦੀ ਮੈਡੀਸਨ ਕੀਜ਼ ਨਾਲ ਹੋਵੇਗਾ, ਜਿਸ ਨੇ ਬ੍ਰਾਜ਼ੀਲ ਦੀ ਬੀਟਰਿਸ ਹਦਾਦ ਮਾਇਆ ਨੂੰ 6-3, 6-3 ਨਾਲ ਹਰਾਇਆ। ਪ੍ਰੀ-ਕੁਆਰਟਰ ਫਾਈਨਲ 'ਚ ਸਬਲੇਂਕਾ ਦੀ ਨਜ਼ਰ ਲਗਾਤਾਰ 15 ਜਿੱਤਾਂ ਨਾਲ ਆਪਣੇ ਕਰੀਅਰ ਦੀ ਸਰਵੋਤਮ ਬਰਾਬਰੀ ਕਰਨ 'ਤੇ ਹੋਵੇਗੀ।
ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਨਾਓਮੀ ਓਸਾਕਾ ਨੇ ਵੀ ਕੇਟੀ ਵੋਲੀਨੇਟਸ ਨੂੰ 6-3, 6-2 ਨਾਲ ਹਰਾ ਕੇ ਆਖਰੀ 16 ਵਿੱਚ ਥਾਂ ਬਣਾਈ ਜਿੱਥੇ ਉਸ ਦਾ ਸਾਹਮਣਾ ਛੇਵਾਂ ਦਰਜਾ ਪ੍ਰਾਪਤ ਕੋਕੋ ਗੌਫ਼ ਨਾਲ ਹੋਵੇਗਾ। ਵਿਸ਼ਵ ਦੀ 14ਵੇਂ ਨੰਬਰ ਦੀ ਖਿਡਾਰਨ ਅੰਨਾ ਕਾਲਿੰਸਕਾਇਆ 3-6, 6-3, 3-1 ਨਾਲ ਅੱਗੇ ਸੀ ਜਦੋਂ ਪੇਟਨ ਸਟਾਰਨਜ਼ ਨੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ। ਹੁਣ ਉਸ ਦਾ ਸਾਹਮਣਾ ਯੂਕਰੇਨ ਦੀ ਯੂਲੀਆ ਸਟਾਰਡੋਬਤਸੇਵਾ ਨਾਲ ਹੋਵੇਗਾ। ਕੈਰੋਲੀਨਾ ਮੁਚੋਵਾ ਨੇ ਜੈਕਲੀਨ ਕ੍ਰਿਸਚੀਅਨ ਨੂੰ 6-1, 6-3 ਨਾਲ ਹਰਾਇਆ ਅਤੇ ਚੌਥੇ ਦੌਰ 'ਚ ਕ੍ਰਿਸਟੀਨਾ ਬੁਕਸਾ ਅਤੇ 24ਵਾਂ ਦਰਜਾ ਪ੍ਰਾਪਤ ਐਲਿਸ ਮਰਟੇਨਜ਼ ਵਿਚਾਲੇ ਹੋਏ ਮੈਚ ਦੀ ਜੇਤੂ ਨਾਲ ਭਿੜੇਗੀ। ਦੂਜੇ ਪਾਸੇ ਪੁਰਸ਼ ਵਰਗ ਵਿੱਚ ਆਂਦਰੇ ਰੁਬਲੇਵ ਨੇ ਮੀਂਹ ਪ੍ਰਭਾਵਿਤ ਮੈਚ ਵਿੱਚ ਅਲੇਜੈਂਡਰੋ ਡੇਵਿਡੋਵਿਚ ਫੋਕੀਨਾ ਨੂੰ 6-4, 7-5 ਨਾਲ ਹਰਾਇਆ। ਪੰਜਵਾਂ ਦਰਜਾ ਪ੍ਰਾਪਤ ਰੂਸ ਦੇ ਰੁਬਲੇਵ ਕੁਆਰਟਰ ਫਾਈਨਲ ਵਿੱਚ ਸਥਾਨਕ ਦਾਅਵੇਦਾਰ ਬੂ ਯੂਨਚਾਓਕਤੇ ਨਾਲ ਭਿੜੇਗਾ।