ਰੋਹਿਤ ਨੂੰ 2027 ਵਨ ਡੇ ਵਿਸ਼ਵ ਕੱਪ ਲਈ ਖੁਦ ਨੂੰ ਸਾਬਤ ਕਰਨਾ ਪਵੇਗਾ : ਕਰੀਮ
Saturday, Jun 06, 2026 - 01:10 PM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਕ੍ਰਿਕਟਰ ਤੇ ਚੋਣਕਾਰ ਸਬਾ ਕਰੀਮ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਨੇ ਆਪਣੀ ਫਿਟਨੈੱਸ ਤੇ ਦੌੜਾਂ ਦੀ ਭੁੱਖ ਨਾਲ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਤੋਂ ਪਹਿਲਾਂ ਚੋਣਕਾਰਾਂ ਨੂੰ ਪੂਰੀ ਤਰ੍ਹਾਂ ਨਾਲ ਆਸਵੰਦ ਕਰ ਦਿੱਤਾ ਹੈ ਪਰ ਰੋਹਿਤ ਸ਼ਰਮਾ ਨੂੰ ਆਈ. ਸੀ. ਸੀ. ਦੇ ਇਸ ਟੂਰਨਾਮੈਂਟ ਤੋਂ ਪਹਿਲਾਂ ਆਪਣੀ ਫਿਟਨੈੱਸ ਤੇ ਫਾਰਮ ਨੂੰ ਸਾਬਤ ਕਰਨਾ ਪਵੇਗਾ।
ਕੋਹਲੀ ਤੇ ਰੋਹਿਤ ਦੋਵੇਂ ਹੁਣ ਸਿਰਫ ਵਨ ਡੇ ਫਾਰਮੈਟ ’ਚ ਹੀ ਖੇਡਦੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ 2027 ਤੋਂ ਬਾਅਦ ਉਹ ਇਸ ਫਾਰਮੈਟ ਨੂੰ ਵੀ ਅਲਵਿਦਾ ਕਹਿ ਦੇਣਗੇ। ਕਰੀਮ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਰੋਹਿਤ ਨੂੰ ਬਹੁਤ ਮਿਹਨਤ ਕਰਨੀ ਪਵੇਗੀ। ਉਸ ਨੂੰ ਆਪਣੀ ਫਿਟਨੈੱਸ ਤੇ ਬੱਲੇਬਾਜ਼ੀ ’ਚ ਕਾਫੀ ਧਿਆਨ ਦੇਣਾ ਪਵੇਗਾ।’’
ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਚੋਣਕਾਰ ਅਗਲੇ 6 ਮਹੀਨਿਆਂ ’ਚ ਰੋਹਿਤ ਦੇ ਪ੍ਰਦਰਸ਼ਨ ’ਤੇ ਨਜ਼ਦੀਕੀ ਨਜ਼ਰ ਰੱਖਣਗੇ ਤਾਂ ਜੋ ਇਹ ਤੈਅ ਕਰ ਸਕਣ ਕਿ ਉਸ ਨੂੰ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਨਹੀਂ ਪਰ ਵਿਰਾਟ ਕੋਹਲੀ ਦੇ ਬਾਰੇ ’ਚ ਮੈਨੂੰ ਪੂਰਾ ਯਕੀਨ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਆਸਵੰਦ ਹੈ ਤੇ ਉਹ ਵਨ ਡੇ ਵਿਸ਼ਵ ਕੱਪ ’ਚ ਹਿੱਸਾ ਲਵੇਗਾ।’’
