ਰੀਅਲ ਮੈਡ੍ਰਿਡ ਨੇ ਬਾਰਸੀਲੋਨਾ ਵਿਰੁੱਧ ਹਾਰ ਦਾ ਸਿਲਸਿਲਾ ਤੋੜਿਆ

Tuesday, Oct 28, 2025 - 10:30 AM (IST)

ਰੀਅਲ ਮੈਡ੍ਰਿਡ ਨੇ ਬਾਰਸੀਲੋਨਾ ਵਿਰੁੱਧ ਹਾਰ ਦਾ ਸਿਲਸਿਲਾ ਤੋੜਿਆ

ਮੈਡ੍ਰਿਡ– ਰੀਅਲ ਮੈਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦੇ ਇਕ ਮੈਚ ਵਿਚ ਬਾਰਸੀਲੋਨਾ ਨੂੰ 2-1 ਨਾਲ ਹਰਾ ਕੇ ਆਪਣੇ ਇਸ ਪੁਰਾਣੇ ਵਿਰੋਧੀ ਵਿਰੁੱਧ ਪਿਛਲੇ ਕੁਝ ਸਮੇਂ ਤੋਂ ਚੱਲਿਆ ਆ ਰਿਹਾ ਹਾਰ ਦਾ ਸਿਲਸਿਲਾ ਤੋੜ ਦਿੱਤਾ। ਇਸ ਮੈਚ ਤੋਂ ਬਾਅਦ ਹਾਲਾਂਕਿ ਦੋਵਾਂ ਟੀਮਾਂ ਦੇ ਖਿਡਾਰੀ ਇਕ-ਦੂਜੇ ਨਾਲ ਭਿੜ ਗਏ।

ਲਾ ਲਿਗਾ ਦੇ ਮੌਜੂਦਾ ਸੈਸ਼ਨ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਦੋਵੇਂ ਟੀਮਾਂ ਇਕ-ਦੂਜੇ ਦੇ ਆਹਮੋ-ਸਾਹਮਣੇ ਸਨ। ਕਾਇਲਿਆਨ ਐਮਬਾਪੇ ਤੇ ਜੂਡ ਬੇਲਿੰਗਹੈਮ ਦੇ ਗੋਲ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਜਿੱਤ ਹਾਸਲ ਕੀਤੀ, ਜਿਸ ਨਾਲ ਇਸ ਵਿਰੋਧੀ ਵਿਰੁੱਧ ਉਸਦਾ 4 ਮੈਚਾਂ ਤੋਂ ਚੱਲਿਆ ਆ ਰਿਹਾ ਹਾਰ ਦਾ ਸਿਲਸਿਲਾ ਟੁੱਟ ਗਿਆ। ਇਸ ਜਿੱਤ ਨਾਲ 10 ਰਾਊਂਡਾਂ ਤੋਂ ਬਾਅਦ ਰੀਅਲ ਮੈਡ੍ਰਿਡ ਦੀ ਬਾਰਸੀਲੋਨਾ ’ਤੇ ਲੀਗ ਵਿਚ ਬੜ੍ਹਤ 5 ਅੰਕਾਂ ਦੀ ਹੋ ਗਈ।

ਬਾਰਸੀਲੋਨਾ ਦੇ ਪੇਡ੍ਰੀ ਨੂੰ ਆਖਰੀ ਸੀਟੀ ਵੱਜਣ ਤੋਂ ਠੀਕ ਪਹਿਲਾਂ ਮੈਦਾਨ ਵਿਚੋਂ ਬਾਹਰ ਭੇਜੇ ਜਾਣ ਤੋਂ ਬਾਅਦ ਦੋਵਾਂ ਟੀਮਾਂ ਦੇ ਬੈਂਚ ’ਤੇ ਮੌਜੂਦ ਖਿਡਾਰੀਆਂ ਵਿਚਾਲੇ ਹੱਥੋਪਾਈ ਹੋ ਗਈ। ਇਹ ਵਿਵਾਦ ਮੈਚ ਖਤਮ ਹੋਣ ਤੋਂ ਬਾਅਦ ਵੀ ਜਾਰੀ ਰਿਹਾ, ਜਿਸ ਵਿਚ ਮੈਡ੍ਰਿਡ ਦੇ ਫਾਰਵਰਡ ਵਿਨੀਸੀਅਸ ਜੂਨੀਅਰ ਤੇ ਬਾਰਸੀਲੋਨਾ ਦੇ ਸਟਾਰ ਫਾਰਵਡ ਲਾਮਿਨ ਯਾਮਲ ਵੀ ਸ਼ਾਮਲ ਸਨ। ਵਿਨੀਸੀਅਸ ਤੇ ਯਾਮਲ ਵਿਚਾਲੇ ਮੈਚ ਦੌਰਾਨ ਵੀ ਕਈ ਵਾਰ ਬਹਿਸ ਹੋਈ। ਵਿਨੀਸੀਅਸ ਨੇ ਯਾਮਲ ਵੱਲ ਇਸ਼ਾਰਾ ਕੀਤਾ ਕਿ ਬਾਰਸੀਲੋਨਾ ਦਾ ਇਹ ਸਟਾਰ ਬਹੁਤ ਜ਼ਿਆਦਾ ਬੋਲ ਰਿਹਾ ਹੈ।

ਮੈਡ੍ਰਿਡ ਨੇ ਇਸ ਸੈਸ਼ਨ ਵਿਚ ਆਪਣੇ 13 ਮੈਚਾਂ ਵਿਚੋਂ 12 ਜਿੱਤਾਂ ਹਾਸਲ ਕੀਤੀਆਂ। ਇਹ ਬਾਰਸੀਲੋਨਾ ਦੀ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਸੈਸ਼ਨ ਦੀ ਤੀਜੀ ਹਾਰ ਹੈ।


author

Tarsem Singh

Content Editor

Related News