ਰੇਲਵੇ ਨੇ ਇੰਡੀਅਨ ਆਇਲ ਨੂੰ ਹਰਾ ਕੇ ਮਹਿਲਾ ਹਾਕੀ ਖਿਤਾਬ ਜਿੱਤਿਆ
Tuesday, Oct 22, 2024 - 12:00 PM (IST)
ਨਵੀਂ ਦਿੱਲੀ, (ਭਾਸ਼ਾ)– ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰ. ਐੱਸ. ਪੀ. ਬੀ.) ਨੇ ਇੰਡੀਅਨ ਆਇਲ ਨੂੰ 3-1 ਨਾਲ ਹਰਾ ਕੇ ਸੀਨੀਅਰ ਮਹਿਲਾ ਅੰਤਰ ਵਿਭਾਗ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਤੇ ਪਿਛਲੇ ਸਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਭਾਰਤ ਦੀਆਂ ਕੁਝ ਚੋਟੀ ਦੀਆਂ ਖਿਡਾਰਨਾਂ ਨੇ ਹਿੱਸਾ ਲਿਆ।
ਇੰਡੀਅਨ ਆਇਲ ਲਈ 18ਵੇਂ ਮਿੰਟ ਵਿਚ ਦੀਪਿਕਾ ਨੇ ਗੋਲ ਕੀਤਾ। ਰੇਲਵੇ ਲਈ ਭਾਰਤ ਦੀ ਸਭ ਤੋਂ ਤਜਰਬੇਕਾਰ ਖਿਡਾਰਨ ਵੰਦਨਾ ਕਟਾਰੀਆ ਨੇ ਇਕ ਮਿੰਟ ਬਾਅਦ ਹੀ ਗੋਲ ਕੀਤਾ। ਚੌਥੇ ਕੁਆਰਟਰ ਵਿਚ ਰੇਲਵੇ ਦੀ ਕਪਤਾਨ ਨਵਨੀਤ ਕੌਰ ਨੇ ਫਿਰ ਟੀਮ ਨੂੰ ਬੜ੍ਹਤ ਦਿਵਾਈ।
ਉੱਥੇ ਹੀ, ਭਾਰਤੀ ਕਪਤਾਨ ਸਲੀਮਾ ਟੇਟੇ ਨੇ ਜੇਤੂ ਗੋਲ ਕੀਤਾ। ਸਲੀਮਾ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਇਸ ਤੋਂ ਪਹਿਲਾਂ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ ਭਾਰਤੀ ਖੇਡ ਅਥਾਰਟੀ ਨੂੰ 3-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਨਿਰਧਾਰਿਤ ਸਮੇਂ ਤੱਕ ਸਕੋਰ ਬਰਾਬਰ ਰਹਿਣ ’ਤੇ ਮੁਕਾਬਲਾ ਪੈਨਲਟੀ ਸ਼ੂਟਆਊਟ ਤੱਕ ਗਿਆ ਸੀ।