ਰਾਹੁਲ ਲਖਨਊ ਸੁਪਰ ਜਾਇੰਟਸ ਦਾ ਅਟੁੱਟ ਅੰਗ : ਗੋਯਨਕਾ
Wednesday, Aug 28, 2024 - 06:24 PM (IST)
ਕੋਲਕਾਤਾ– ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਮਾਲਕ ਸੰਜੀਵ ਗੋਯਨਕਾ ਨੇ ਕੇ. ਐੱਲ. ਰਾਹੁਲ ਦੇ ਟੀਮ ਵਿਚ ਭਵਿੱਖ ਨੂੰ ਲੈ ਕੇ ਅਟਕਲਾਂ ਵਿਚਾਲੇ ਉਸ ਨੂੰ ‘ਫ੍ਰੈਂਚਾਈਜ਼ੀ ਦਾ ਅਟੁੱਟ ਅੰਗ’ ਦੱਸਿਆ ਪਰ ਅਗਲੇ ਆਈ. ਪੀ. ਐੱਲ. ਸੈਸ਼ਨ ਲਈ ਖਿਡਾਰੀਆਂ ਨੂੰ ਰਿਟੇਨ (ਟੀਮ ਵਿਚ ਬਰਕਰਾਰ ਰੱਖਣਾ) ਕਰਨ ਤੇ ਕਪਤਾਨੀ ’ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।
ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਕਰਾਰੀ ਹਾਰ ਤੋਂ ਬਾਅਦ ਰਾਹੁਲ ਦੇ ਨਾਲ ਗੋਯਨਕਾ ਦੀ ਬਹਿਸ ਪਿਛਲੇ ਸੈਸ਼ਨ ਵਿਚ ਆਈ. ਪੀ. ਐੱਲ. ਵਿਚ ਚਰਚਾ ਦਾ ਕੇਂਦਰ ਬਣੀ ਹੋਈ ਸੀ। ਸੋਮਵਾਰ ਨੂੰ ਰਾਹੁਲ ਨੇ ਕੋਲਕਾਤਾ ਵਿਚ ਟੀਮ ਦੇ ਮਾਲਕ ਨਾਲ ਮੁਲਾਕਾਤ ਕੀਤੀ ਤੇ ਟੀਮ ਵਿਚ ਬਣੇ ਰਹਿਣ ਦੀ ਇੱਛਾ ਜਤਾਈ। ਕਈ ਮਹੀਨੇ ਪਹਿਲਾਂ ਦੋਵਾਂ ਵਿਚਾਲੇ ਚਰਚਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਟਕਲਾਾਂ ਤੇਜ਼ ਹੋ ਗਈਆਂ ਸਨ ਕਿ ਕੀ ਇਹ ਬੱਲੇਬਾਜ਼ ਫ੍ਰੈਂਚਾਈਜ਼ੀ ਵਿਚ ਬਰਕਰਾਰ ਰਹਿਣਾ ਚਾਹੇਗਾ?
ਜ਼ਹੀਰ ਨੂੰ ਟੀਮ ਦੇ ਮੈਂਟੋਰ (ਮਾਰਗਦਰਸ਼ਕ) ਦੇ ਰੂਪ ਵਿਚ ਪੇਸ਼ ਕਰਦੇ ਹੋਏ ਗੋਯਨਕਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਦੇਖੋ, ਮੈਂ ਪਿਛਲੇ ਤਿੰਨ ਸਾਲਾਂ ਤੋਂ ਕੇ. ਐੱਲ. ਰਾਹੁਲ ਨਾਲ ਨਿਯਮਤ ਰੂਪ ਨਾਲ ਮਿਲ ਰਿਹਾ ਹਾਂ। ਮੈਨੂੰ ਹੈਰਾਨੀ ਹੈ ਕਿ ਇਸ ਮੀਟਿੰਗ ਨੂੰ ਇੰਨੀਆਂ ਜ਼ਿਆਦਾ ਸੁਰਖੀਆਂ ਮਿਲੀਆਂ। ਜਿਵੇਂ ਕਿ ਮੈਂ ਕਿਹਾ ਹੈ ਕਿ ਅਸੀਂ ਰਿਟੈਂਸ਼ਨ ਨਿਯਮ ਜਾਰੀ ਹੋਣ ਤੱਕ ਕੋਈ ਫੈਸਲਾ ਨਹੀਂ ਲਿਆ ਹੈ ਪਰ ਕੇ. ਐੱਲ. ਰਾਹੁਲ ਸ਼ੁਰੂ ਤੋਂ ਹੀ ਐੱਲ. .ਐੱਸ. ਜੀ. ਪਰਿਵਾਰ ਦਾ ਅਟੁੱਟ ਤੇ ਮਹੱਤਵਪੂਨ ਹਿੱਸਾ ਰਿਹਾ ਹੈ। ਉਸ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਪਰਿਵਾਰ ਦੀ ਤਰ੍ਹਾਂ ਹੈ ਤੇ ਪਰਿਵਾਰ ਹੀ ਰਹੇਗਾ।’’