ਪੰਜਾਬ ਦਾ ਸਾਹਮਣਾ ਅੱਜ ਚੇਨਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
Tuesday, Apr 08, 2025 - 01:12 PM (IST)

ਮੁੱਲਾਂਪੁਰ– ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ.ਐੱਲ. ਵਿਚ ਮੰਗਲਵਾਰ ਨੂੰ ਇੱਥੇ ਪੰਜਾਬ ਕਿੰਗਜ਼ ਵਿਰੁੱਧ ਹੋਣ ਵਾਲੇ ਮੈਚ ਤੋਂ ਪਹਿਲਾਂ ਜਿਸ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਲੱਭਣਾ ਪਵੇਗਾ, ਉਹ ਮਹਿੰਦਰ ਸਿੰਘ ਧੋਨੀ ਦੀ ਡੈੱਥ ਓਵਰਾਂ ਵਿਚ ਵੱਡੀਆਂ ਸ਼ਾਟਾਂ ਖੇਡਣ ਵਿਚ ਅਸਫਲਤਾ ਹੈ।
ਸੁਪਰ ਕਿੰਗਜ਼ ਨੇ ਆਈ. ਪੀ. ਐੱਲ. ਸੈਸ਼ਨ ਦੀ ਆਪਣੀ ਸਭ ਤੋਂ ਖਰਾਬ ਸ਼ੁਰੂਆਤ ਵਿਚੋਂ ਇਕ ਕਰਦੇ ਹੋਏ ਲਗਾਤਾਰ 3 ਮੈਚ ਗੁਆਏ ਹਨ ਤੇ ਉਹ ਵੀ ਟੀਚੇ ਦਾ ਪਿੱਛਾ ਕਰਦੇ ਹੋਏ। ਪੰਜਾਬ ਕਿੰਗਜ਼ ਨੂੰ ਆਪਣੇ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਹੱਥੋਂ ਘਰੇਲੂ ਮੈਦਾਨ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੌਜੂਦਾ ਫਾਰਮ ਦੇ ਨਾਲ ਕਾਗਜ਼ਾਂ ’ਤੇ ਸ਼੍ਰੇਅਸ ਅਈਅਰ ਦੀ ਟੀਮ ਸੁਪਰ ਕਿੰਗਜ਼ ਦੀ ਤੁਲਨਾ ਵਿਚ ਜ਼ਿਆਦਾ ਮਜ਼ਬੂਤ ਦਿਸ ਰਹੀ ਹੈ।
ਸੁਪਰ ਕਿੰਗਜ਼ ਦੀ ਟੀਮ ਸੁਮੇਲ ਦੀ ਸਮੱਸਿਆ ਨਾਲ ਜੂਝ ਰਹੀ ਹੈ। ਆਖਰੀ ਓਵਰਾਂ ਵਿਚ ਧੋਨੀ ਦੀ ਮੌਜੂਦਗੀ ਨੂੰ ਇਕ ਸਮੇਂ ਵਰਦਾਨ ਮੰਨਿਆ ਜਾਂਦਾ ਸੀ ਪਰ ਹੁਣ ਇਹ ‘ਯੈਲੋ ਬ੍ਰਿਗੇਡ’ ਲਈ ਨੁਕਸਾਨਦਾਇਕ ਬਣ ਰਹੀ ਹੈ। ਆਪਣਾ 18ਵਾਂ ਆਈ. ਪੀ.ਐੱਲ (ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਇਲਾਵਾ ਇਕਲੌਤਾ ਖਿਡਾਰੀ) ਖੇਡ ਰਿਹਾ ਧੋਨੀ ਦਾ ਤੇਜ਼ ਹਾਲਾਂਕਿ ਅਜਿਹਾ ਹੈ ਕਿ ਟੀਮ ਵਿਚ ਸ਼ਾਇਦ ਕੋਈ ਵੀ ਉਸਦੇ ਕੋਲ ਜਾ ਕੇ ਉਸ ਨੂੰ ਸ਼ੀਸ਼ਾ ਨਹੀਂ ਦਿਖਾ ਸਕਦਾ।
‘ਬ੍ਰਾਂਡ ਧੋਨੀ’ ਅਜੇ ਵੀ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਦਾ ਹੈ ਤੇ ਜਦੋਂ ਉਹ ਮੈਦਾਨ ’ਤੇ ਉਤਰਦਾ ਹੈ ਤਾਂ ਉਸਦੇ ਨਾਂ ਦੇ ਨਾਅਰੇ ਲੱਗਦੇ ਹਨ ਪਰ ਦਿੱਲੀ ਕੈਪੀਟਲਸ ਵਿਰੁੱਧ ਮੈਚ ਨਿਸ਼ਚਿਤ ਰੂਪ ਨਾਲ ਉਸਦੇ ਸਮਰਥਕਾਂ ਲਈ ਅੱਖਾਂ ਖੋਲ੍ਹਣ ਵਾਲਾ ਸੀ ਕਿ ਟੀਮ ਵਿਚ ਉਨ੍ਹਾਂ ਦੇ ‘ਪਿਆਰੇ ਥਾਲਾ’ ਤੋਂ ਕਿਤੇ ਵੱਧ ਚੀਜ਼ਾਂ ਹਨ ਤੇ ਸ਼ਾਇਦ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਵਿਰੋਧੀ ਹੁਣ ਪਹਿਲਾਂ ਬੱਲੇਬਾਜ਼ੀ ਕਰਨ ਤੇ ਕਿਸੇ ਤਰ੍ਹਾਂ 180 ਤੋਂ ਵੱਧ ਦਾ ਸਕੋਰ ਬਣਾਉਣ ਦੀ ਉਮੀਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸ਼ਿਵਮ ਦੂਬੇ ਦੇ ਦੌੜਾਂ ਨਾ ਬਣਾਉਣ ਦੀ ਸਥਿਤੀ ਵਿਚ ਸੁਪਰ ਕਿੰਗਜ਼ ਲਈ ਇਸ ਟੀਚੇ ਨੂੰ ਹਾਸਲ ਕਰਨਾ ਮੁਸ਼ਕਿਲ ਹੋਵੇਗਾ।
ਇਹ ਵੀ ਪੜ੍ਹੋ : ਹੈੱਡ ਤੇ ਅਭਿਸ਼ੇਕ ਨੂੰ 'DSP' ਨੇ ਕੀਤਾ 'ਅਰੈਸਟ'! SRH ਨੂੰ ਫਿਰ ਲੱਗਾ ਕਰਾਰਾ ਝਟਕਾ
ਦੂਬੇ ਹਮਲਾਵਰ ਬੱਲੇਬਾਜ਼ੀ ਲਈ ਪਛਾਣਿਆ ਜਾਂਦਾ ਹੈ ਪਰ ਉਸਦੀ ਸਫਲਤਾ ਦੀ ਦਰ 50 ਫੀਸਦੀ ਮੰਨੀ ਜਾਂਦੀ ਹੈ। ਇਨ੍ਹਾਂ ਸਾਰੇ ਸਾਲਾਂ ਵਿਚ ਧੋਨੀ ਦੀ ਮਹਾਨਤਾ ਇਹ ਰਹੀ ਹੈ ਕਿ ਉਹ ਸਮੇਂ ਦਾ ਪੂਰਾ ਧਿਆਨ ਰੱਖਦਾ ਹੈ, ਭਾਵੇਂ ਉਹ ਕਪਤਾਨੀ ਤੋਂ ਵਿਦਾਈ ਲੈਣਾ ਹੋਵੇ ਜਾਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ। ਕੀ ਉਹ ਇਕ ਵਾਰ ਫਿਰ ਖੁਦ ਫੈਸਲਾ ਕਰੇਗਾ ਜਾਂ ਕਿਸੇ ਦੇ ਇਸ਼ਾਰੇ ਦਾ ਇੰਤਜ਼ਾਰ ਕਰੇਗਾ? ਧੋਨੀ ਦੇ ਖਰਾਬ ਪ੍ਰਦਰਸ਼ਨ ਕਰਨ ਸੁਪਰ ਕਿੰਗਜ਼ ਮੁਸ਼ਕਿਲ ਸਥਿਤੀ ਵਿਚ ਹੈ ਕਿਉਂਕਿ ਉਸਦਾ ਚੋਟੀਕ੍ਰਮ ਲੈਅ ਵਿਚ ਨਹੀਂ ਹੈ ਤੇ ਕਪਤਾਨ ਰਿਤੂਰਾਜ ਗਾਇਕਵਾੜ ਨੂੰ ਸਲਾਮੀ ਬੱਲੇਬਾਜ਼ ਦੀ ਭੂਮਿਕਾ ਛੱਡਣੀ ਪਈ ਹੈ।
ਤਜਰਬੇਕਾਰ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਦੇ ਸੁਪਰ ਕਿੰਗਜ਼ ਵਿਰੁੱਧ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ ਕਿਉਂਕਿ ਆਪਣੇ ਸਾਬਕਾ ਭਾਰਤੀ ਕਪਤਾਨ ਵਿਰੁੱਧ ਉਸਦਾ ਪੱਲੜਾ ਭਾਰੀ ਰਿਹਾ ਹੈ। ਵੱਖ-ਵੱਖ ਆਈ. ਪੀ. ਐੱਲ. ਮੈਚਾਂ ਵਿਚ ਚਾਹਲ ਤੇ ਧੋਨੀ 10 ਮੌਕਿਆਂ ’ਤੇ ਆਹਮੋ-ਸਾਹਮਣੇ ਆਏ ਹਨ ਤੇ ਹਰਿਆਣਾ ਦੇ ਲੈੱਗ ਸਪਿੰਨਰ ਨੇ ਉਸ ਨੂੰ ਪੰਜ ਵਾਰ ਆਊਟ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਤੇ ਨਿਹਾਲ ਵਢੇਰਾ ਵੀ ਚੰਗੀ ਫਾਰਮ ਵਿਚ ਹਨ।
ਟੀਮਾਂ:
ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਸ਼ਿਵਮ ਦੂਬੇ, ਮਤਿਸ਼ਾ ਪਥੀਰਾਨਾ, ਨੂਰ ਅਹਿਮਦ, ਰਵੀਚੰਦਰਨ ਅਸ਼ਵਿਨ, ਡੇਵੋਨ ਕੋਨਵੇ, ਸਈਅਦ ਖਲੀਲ ਅਹਿਮਦ, ਰਚਿਨ ਰਵਿੰਦਰਾ, ਰਾਹੁਲ ਤ੍ਰਿਪਾਠੀ, ਵਿਜੇ ਸ਼ੰਕਰ, ਸੈਮ ਕੁਰੇਨ, ਸ਼ੇਖ ਰਾਸ਼ਿਦ, ਅੰਸ਼ੁਲ ਕੰਬੋਜ, ਮੁਕੇਸ਼ ਚੌਧਰੀ, ਦੀਪਕ ਹੁੱਡਾ, ਗੁਰਜਨ ਪ੍ਰੀਤ ਸਿੰਘ, ਨਾਥਨ ਐਲਿਸ, ਜੈਮੀ ਓਵਰਟਨ, ਕਮਲੇਸ਼ ਨਾਗਰਕੋਟੀ, ਰਾਮਕ੍ਰਿਸ਼ਨ ਘੋਸ਼, ਸ਼੍ਰੇਅਸ ਗੋਪਾਲ, ਵੰਸ਼ ਬੇਦੀ ਅਤੇ ਆਂਦਰੇ ਸਿਧਾਰਥ।
ਪੰਜਾਬ ਕਿੰਗਜ਼ : ਸ਼੍ਰੇਅਸ ਅਈਅਰ (ਕਪਤਾਨ), ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਮਾਰਕਸ ਸਟੋਇਨਿਸ, ਨਿਹਾਲ ਵਢੇਰਾ, ਗਲੇਨ ਮੈਕਸਵੈੱਲ, ਵਿਸ਼ਾਕ ਵਿਜੇ ਕੁਮਾਰ, ਯਸ਼ ਠਾਕੁਰ, ਹਰਪ੍ਰੀਤ ਬਰਾੜ, ਵਿਸ਼ਨੂੰ ਵਿਨੋਦ, ਮਾਰਕੋ ਜੈਨਸਨ, ਲਾਕੀ ਫਰਗੂਸਨ, ਜੋਸ਼ ਇੰਗਲਿਸ, ਕੁਲਦੀਪ ਸੇਨ, ਪਾਇਲਾ ਅਵਿਨਾਸ਼, ਸੂਰਯਾਂਸ਼ ਸ਼ੇਡਗੇ, ਮੁਸ਼ੀਰ ਖਾਨ, ਹਰਨੂਰ ਪੰਨੂ, ਹਾਰੂਨ ਹਾਰਡੀ, ਪ੍ਰਿਆਂਸ਼ ਆਰੀਆ ਅਤੇ ਅਜ਼ਮਤੁੱਲਾ ਉਮਰਜ਼ਈ।
ਸਮਾਂ: ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8