ਗਿੱਲ ਦੀ 102 ਦੌੜਾਂ ਦੀ ਪਾਰੀ ਦੇ ਬਾਵਜੂਦ ਕਰਨਾਟਕ ਵਿਰੁੱਧ ਪੰਜਾਬ ਨੂੰ ਮਿਲੀ ਪਾਰੀ ਨਾਲ ਹਾਰ

Sunday, Jan 26, 2025 - 12:06 PM (IST)

ਗਿੱਲ ਦੀ 102 ਦੌੜਾਂ ਦੀ ਪਾਰੀ ਦੇ ਬਾਵਜੂਦ ਕਰਨਾਟਕ ਵਿਰੁੱਧ ਪੰਜਾਬ ਨੂੰ ਮਿਲੀ ਪਾਰੀ ਨਾਲ ਹਾਰ

ਬੈਂਗਲੁਰੂ–ਪੰਜਾਬ ਦਾ ਕਪਤਾਨ ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (102) ਸ਼ਾਨਦਾਰ ਸੈਂਕੜੇ ਦੇ ਬਾਵਜੂਦ ਸ਼ਨੀਵਾਰ ਨੂੰ ਇੱਥੇ ਰਣਜੀ ਟਰਾਫੀ ਗਰੁੱਪ-ਸੀ ਮੈਚ ਦੇ ਤੀਜੇ ਦਿਨ ਆਪਣੀ ਟੀਮ ਨੂੰ ਕਰਨਾਟਕ ਵਿਰੁੱਧ ਪਾਰੀ ਦੀ ਹਾਰ ਤੋਂ ਬਚਾਉਣ ਵਿਚ ਅਸਫਲ ਰਿਹਾ। ਗਿੱਲ ਨੇ ਆਪਣੇ ਦੂਜੇ ਦਿਨ ਦੀਆਂ 7 ਦੌੜਾਂ ਦੇ ਸਕੋਰ ’ਚ 95 ਦੌੜਾਂ ਹੋਰ ਜੋੜ ਕੇ 171 ਗੇਂਦਾਂ ਵਿਚ 102 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿਚ 14 ਚੌਕੇ ਤੇ 3 ਛੱਕੇ ਲਾਏ। ਉਸ ਨੇ ਆਪਣਾ ਪਹਿਲਾ ਅਰਧ ਸੈਂਕੜਾ 119 ਗੇਂਦਾਂ ਵਿਚ ਬਣਾਇਆ ਤੇ ਅਗਲੀਆਂ 50 ਦੌੜਾਂ ਸਿਰਫ 40 ਗੇਂਦਾਂ ਵਿਚ ਬਣਾਈਆਂ।

ਪਹਿਲੀ ਪਾਰੀ ਵਿਚ 420 ਦੌੜਾਂ ਨਾਲ ਪਿਛੜਨ ਵਾਲੀ ਪੰਜਾਬ ਦੀ ਟੀਮ ਲਈ ਉਹ ਆਊਟ ਹੋਣ ਵਾਲਾ 8ਵਾਂ ਬੱਲੇਬਾਜ਼ ਰਿਹਾ। ਪਹਿਲੀ ਪਾਰੀ ਵਿਚ ਪੰਜਾਬ ਦੀਾਂ 55 ਦੌੜਾਂ ਦੇ ਜਵਾਬ ਵਿਚ ਕਰਨਾਟਕ ਨੇ ਆਰ. ਸਮਰਣ (203) ਦੇ ਦੋਹਰੇ ਸੈਂਕੜੇ ਦੀ ਮਦਦ ਨਾਲ 475 ਦੌੜਾਂ ਬਣਾਈਆਂ ਸਨ।

ਦਿਨ ਦੀ ਸ਼ੁਰੂਆਤ ਦੂਜੀ ਪਾਰੀ ਵਿਚ 2 ਵਿਕਟਾਂ ’ਤੇ 24 ਦੌੜਾਂ ਤੋਂ ਕਰਨ ਵਾਲੇ ਪੰਜਾਬ ਦੀ ਦੂਜੀ ਪਾਰੀ 63.4 ਓਵਰਾਂ ਵਿਚ 213 ਦੌੜਾਂ ’ਤੇ ਸਿਮਟ ਗਈ। ਕਰਨਾਟਕ ਲਈ ਤੇਜ਼ ਗੇਂਦਬਾਜ਼ ਯਸ਼ੋਵਰਧਨ ਪਰੰਤਪ ਤੇ ਲੈੱਗ ਸਪਿੰਨਰ ਸ਼੍ਰੇਯਸ ਗੋਪਾਲ ਨੇ 3-3 ਵਿਕਟਾਂ ਲੈ ਕੇ ਟੀਮ ਲਈ ਬੋਨਸ ਸਮੇਤ 7 ਅੰਕ ਤੈਅ ਕੀਤੇ। ਗਿੱਲ ਹਾਲ ਹੀ ਵਿਚ ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਵਿਚ ਪੰਜ ਮੈਚਾਂ ਦੀ ਟੈਸਟ ਲੜੀ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ। ਇਸ 25 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਨੇ 3 ਟੈਸਟ ਮੈਚਾਂ ਦੀਆਂ 5 ਪਾਰੀਆਂ ਵਿਚ 18.60 ਦੀ ਔਸਤ ਨਾਲ 31 ਦੇ ਬੈਸਟ ਸਕੋਰ ਨਾਲ ਸਿਰਫ 93 ਦੌੜਾਂ ਬਣਾਈਆਂ ਸਨ।


author

Tarsem Singh

Content Editor

Related News