''ਸਰਪੰਚ ਸਾਬ੍ਹ'' ਨੇ ਪੰਜਾਬ ਕਿੰਗਜ਼ ਨੂੰ ਬਣਾਇਆ Table Topper ; ਹਰ ਪਾਸੇ ਹੋ ਰਹੇ ਚਰਚੇ
Tuesday, May 27, 2025 - 09:53 AM (IST)

ਸਪੋਰਟਸ ਡੈਸਕ- ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਇਸ ਦੌਰਾਨ ਟੀਮ ਜਿੱਥੇ ਗੇਂਦ ਤੇ ਬੱਲੇ ਦੋਵਾਂ ਨਾਲ ਹੀ ਧਮਾਕੇਦਾਰ ਪ੍ਰਦਰਸ਼ਨ ਕਰ ਕੇ ਪਲੇਆਫ਼ 'ਚ ਜਗ੍ਹਾ ਪੱਕੀ ਕਰ ਚੁੱਕੀ ਹੈ, ਉੱਥੇ ਹੀ ਆਪਣੇ ਆਖ਼ਰੀ ਲੀਗ ਮੁਕਾਬਲੇ 'ਚ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਟੇਬਲ-ਟਾਪਰ ਬਣ ਗਈ ਹੈ। ਹੁਣ ਟੀਮ ਦਾ ਟਾਪ-2 'ਚ ਰਹਿਣਾ ਤੈਅ ਹੈ, ਜਿਸ ਨਾਲ ਟੀਮ ਨੂੰ ਫਾਈਨਲ 'ਚ ਪੁੱਜਣ ਲਈ 2 ਮੌਕੇ ਮਿਲਣਗੇ।
ਟੀਮ ਦੇ ਪ੍ਰਦਰਸ਼ਨ ਦਾ ਸਭ ਤੋਂ ਵੱਧ ਕ੍ਰੈਡਿਟ ਖਿਡਾਰੀਆਂ ਦੇ ਨਾਲ-ਨਾਲ ਕਪਤਾਨ ਸ਼੍ਰੇਅਸ ਅਈਅਰ ਨੂੰ ਜਾਂਦਾ ਹੈ, ਜਿਨ੍ਹਾਂ ਦੀ ਤਾਰੀਫ਼ ਖੇਡ ਪ੍ਰਸ਼ੰਸਕਾਂ ਸਣੇ ਟੀਮ ਦੇ ਖਿਡਾਰੀ ਵੀ ਕਰਦੇ ਹਨ। ਇਸੇ ਦੌਰਾਨ ਪੰਜਾਬ ਕਿੰਗਜ਼ (ਪੀ.ਬੀ.ਕੇ.ਐੱਸ.) ਦੇ ਬੱਲੇਬਾਜ਼ ਸ਼ਸ਼ਾਂਕ ਸਿੰਘ ਨੇ ਜੈਪੁਰ ਵਿੱਚ ਮੁੰਬਈ ਇੰਡੀਅਨਜ਼ (ਐੱਮ.ਆਈ.) 'ਤੇ 7 ਵਿਕਟਾਂ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਪ੍ਰਸ਼ੰਸਾ ਕੀਤੀ, ਜਿਸ ਦੇ ਕਾਰਨ ਟੀਮ ਪੁਆਇੰਟ ਟੇਬਲ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਕੁਆਲੀਫਾਇਰ 1 ਵਿੱਚ ਜਗ੍ਹਾ ਪੱਕੀ ਕੀਤੀ।
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਬੋਲਦੇ ਹੋਏ ਸ਼ਸ਼ਾਂਕ ਨੇ ਕਮਾਨ ਸੰਭਾਲਣ ਤੋਂ ਬਾਅਦ ਅਈਅਰ ਬਾਰੇ ਕਿਹਾ, ''ਸ਼੍ਰੇਅਸ ਇੱਕ ਪਿਆਰਾ ਦੋਸਤ ਹੈ। ਮੈਂ ਉਸ ਨੂੰ ਪਿਛਲੇ 10-15 ਸਾਲਾਂ ਤੋਂ ਜਾਣਦਾ ਹਾਂ। ਬਹੁਤ ਇਮਾਨਦਾਰੀ ਨਾਲ ਕਹਾਂ ਤਾਂ ਉਸ ਦੇ ਕਪਤਾਨ ਹੋਣ ਦੇ ਨਾਲ ਉਸ ਦੇ ਅਧੀਨ ਖੇਡਣਾ ਮੇਰੇ ਲਈ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਹੈ।" ਸ਼ਸ਼ਾਂਕ ਨੇ ਅਈਅਰ ਦੀ ਅਗਵਾਈ ਦੀ ਵੀ ਤਾਰੀਫ਼ ਕੀਤੀ ਤੇ ਕਿਹਾ, "ਜਿਸ ਤਰੀਕੇ ਨਾਲ ਉਹ ਟੀਮ ਦੇ ਹਰੇਕ ਮੈਂਬਰ ਨੂੰ ਆਜ਼ਾਦੀ ਦਿੰਦਾ ਹੈ, ਇਹ ਸੱਚਮੁੱਚ ਕਾਬਿਲ ਏ ਤਾਰੀਫ਼ ਹੈ।"
ਇਸ ਤੋਂ ਬਾਅਦ ਉਸ ਨੇ ਅਈਅਰ ਅਤੇ ਮੁੱਖ ਕੋਚ ਰਿੱਕੀ ਪੋਂਟਿੰਗ ਦੀ ਅਗਵਾਈ ਹੇਠ ਪੰਜਾਬ ਕਿੰਗਜ਼ ਕੈਂਪ ਦੇ ਅੰਦਰ ਟੀਮ ਕਲਚਰ ਬਾਰੇ ਵੀ ਗੱਲ ਕੀਤੀ। ਸ਼ਸ਼ਾਂਕ ਨੇ ਕਿਹਾ, ''ਰਿੱਕੀ ਸਰ ਅਤੇ ਸ਼੍ਰੇਅਸ ਦੇ ਅਧੀਨ ਜੋ ਮਾਹੌਲ ਬਣਿਆ ਹੈ, ਉਹ ਕੁਝ ਅਜਿਹਾ ਹੈ ਜਿਸ ਦੀ ਅਸੀਂ ਸਾਰੇ ਕਦਰ ਕਰਦੇ ਹਾਂ। ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਅਸੀਂ ਇੱਕ ਦੂਜੇ ਦੀ ਦੇਖਭਾਲ ਕਰਦੇ ਹਾਂ, ਇਹੀ ਸਾਡਾ ਉਦੇਸ਼ ਹੈ ਜਿਸ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ ਹੈ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e