PSL 2020 : ਮੈਚ ਫਿਕਸਿੰਗ ਦੀ ਲਾਈਵ ਤਸਵੀਰ! ਸ਼ੋਏਬ ਅਖਤਰ ਨੇ ਚੁੱਕੇ ਸਵਾਲ

02/22/2020 4:04:12 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਹੋਵੇ ਜਾ ਪਾਕਿ ਖਿਡਾਰੀ ਦੋਵਾਂ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਅਕਸਰ ਪਾਕਿ ਖਿਡਾਰੀਆਂ ਦਾ ਮੈਚ ਫਿਕਸਿੰਗ ਵਿਚ ਨਾਂ ਸਾਹਮਣੇ ਆਉਂਦਾ ਰਹਿੰਦਾ ਹੈ। ਕਈ ਧਾਕੜ ਪਾਕਿ ਖਿਡਾਰੀ ਮੈਚ ਫਿਕਸਿੰਗ ਕਾਰਨ ਆਪਣਾ ਸ਼ਾਨਦਾਰ ਕਰੀਅਰ ਗੁਆ ਚੁੱਕੇ ਹਨ। ਹੁਣ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਸ਼ੁਰੂ ਹੋਏ ਅਜੇ 2 ਦਿਨ ਹੀ ਹੋਏ ਹਨ ਅਤੇ ਲੀਗ ਸ਼ੁਰੂਆਤ ਵਿਚ ਹੀ ਵਿਵਾਦਾਂ ਨਾਲ ਘਿਰ ਗਈ ਹੈ। ਪਹਿਲੀ ਵਾਰ ਇਸ ਲੀਗ ਦਾ ਪੂਰਾ ਸੀਜ਼ਨ ਪਾਕਿਸਤਾਨ ਵਿਚ ਖੇਡਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਦਰਅਸਲ, ਪੇਸ਼ਾਵਰ ਜਾਲਮੀ ਅਤੇ ਕਰਾਚੀ ਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਖਿਡਾਰੀਆਂ ਦੇ ਡਗਆਊਟ ਵਿਚ ਟੀਮ ਨਾਲ ਜੁੜੇ ਲੋਕ ਮੋਬਾਈਲ ਫੋਨ 'ਤੇ ਗੱਲ ਕਰਦੇ ਦਿਸੇ, ਜਿਸ ਦੀ ਤਸਵੀਰ ਵਾਇਰਲ ਹੋਮ ਤੋਂ ਬਾਅਦ ਦੁਨੀਆ ਭਰ ਵਿਚ ਪਾਕਿਸਤਾਨ ਦੀ ਬੇਇਜ਼ਤੀ ਹੋ ਰਹੀ ਹੈ।

ਦੱਸ ਦਈਏ ਕਿ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਦੇ ਨਿਯਮ ਮੁਤਾਬਕ ਡ੍ਰੈਸਿੰਗ ਰੂਮ ਅਤੇ ਡਗਆਊਟ ਵਿਚ ਖਿਡਾਰੀਆਂ ਦੇ ਮੋਬਾਈਲ ਫੋਨ ਇਸਤੇਮਾਲ ਕਰਨ 'ਤੇ ਬੈਨ ਲੱਗਾ ਹੈ। ਗੱਲਬਾਤ ਲਈ ਟੀਮ ਮੈਨੇਜਮੈਂਟ ਵੀ ਸਿਰਫ ਵਾਕੀ-ਟਾਕੀ ਦੀ ਵਰਤੋਂ ਕਰ ਸਕਦਾ ਹੈ। ਪਾਕਿਸਤਾਨ ਦੇ ਧਾਕੜ ਗੇਂਦਬਾਜ਼ ਸ਼ੋਏਬ ਅਖਤਰ ਨੇ ਡਗਆਟ ਵਿਚ ਫੋਨ ਇਸਤੇਮਾਲ ਦੀ ਇਕ ਤਸਵੀਰ ਸ਼ੇਅਰ ਕੀਤੀ ਅਤੇ ਉਸ ਨੇ ਕਿਹਾ ਕਿ ਇਹ ਕਾਫੀ ਗਲਤ ਹੈ। ਹਾਲਾਂਕਿ ਇਸ ਮੁੱਦੇ 'ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਕਰਾਚੀ ਕਿੰਗਜ਼ ਦੇ ਕੋਚ ਡੀਨ ਜੋਂਸ ਨੇ ਇਸ ਮੁੱਦੇ 'ਤੇ ਸਫਾਈ ਦਿੱਤੀ ਹੈ।

13ਵੇਂ ਓਵਰ ਦੀ ਹੈ ਘਟਨਾ
ਮੈਚ ਦੇ 13ਵੇਂ ਓਵਰ ਵਿਚ ਕੈਮਰੇ ਨੇ ਕਿਸੇ ਨੂੰ ਡਗਆਊਟ ਵਿਚ ਮੋਬਾਈਲ ਫੋਨ ਦਾ ਇਸਤੇਮਾਲ ਕਰਦਿਆਂ ਫੜ੍ਹ ਲਿਆ। ਹਾਲਾਂਕਿ ਅਜਿਹਾ ਲੱਗ ਰਿਹਾ ਹੈ ਕਿ ਕੋਈ ਖਿਡਾਰੀ ਜਾਂ ਟੀਮ ਮੈਨੇਜਮੈਂਟ ਵਿਚੋਂ ਕੋਈ ਫੋਨ 'ਤੇ ਗੱਲ ਕਰ ਰਿਹਾ ਹੈ। ਟੀਮ ਦੇ ਕੋਚ ਨੇ ਸਾਫ ਕੀਤਾ ਕਿ ਫੋਨ 'ਤੇ ਗੱਲ ਕਰਨ ਵਾਲੇ ਟੀਮ ਦੇ ਸੀ. ਈ. ਓ. ਤਾਰਿਕ ਹਨ। ਉਸ ਨੇ ਕਿਹਾ ਕਿ ਸੀ. ਈ. ਓ. ਸਿਰਫ ਆਪਣਾ ਕੰਮ ਕਰ ਰਹੇ ਸਨ ਅਤੇ ਟੀਮ ਦੇ ਅਭਿਆਸ ਸੈਸ਼ਨ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਅਜੇ ਤਕ ਇਸ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਫੋਨ ' ਤੇ ਗੱਲ ਕਰਨ ਵਾਲਾ ਵਿਅਕਤੀ ਟੀਮ ਦੇ ਸੀ. ਈ. ਓ. ਹੀ ਸਨ।


Related News