ਠੋਕੇ 19 ਛੱਕੇ, ਬਣਿਆ ਟੀ20 'ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਬੱਲੇਬਾਜ਼, ਪ੍ਰਿਆਂਸ਼ ਆਰਿਆ ਨੇ ਰਚਿਆ ਇਤਿਹਾਸ

Tuesday, Nov 24, 2026 - 02:43 PM (IST)

ਠੋਕੇ 19 ਛੱਕੇ, ਬਣਿਆ ਟੀ20 'ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਬੱਲੇਬਾਜ਼, ਪ੍ਰਿਆਂਸ਼ ਆਰਿਆ ਨੇ ਰਚਿਆ ਇਤਿਹਾਸ

ਸਪੋਰਟਸ ਡੈਸਕ- ਦਿੱਲੀ ਦੇ ਓਪਨਰ ਬੱਲੇਬਾਜ਼ ਪ੍ਰਿਆਂਸ਼ ਆਰਿਆ ਨੇ ਸੈਯਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ ਤਾਮਿਲਨਾਡੂ ਵਿਰੁੱਧ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 68 ਗੇਂਦਾਂ ਵਿੱਚ 181 ਦੌੜਾਂ ਦੀ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ ਹੈ। ਆਪਣੀ ਇਸ ਤੂਫ਼ਾਨੀ ਪਾਰੀ ਦੌਰਾਨ ਪ੍ਰਿਆਂਸ਼ ਨੇ 19 ਛੱਕੇ ਅਤੇ 7 ਚੌਕੇ ਜੜੇ ਅਤੇ ਮਹਿਜ਼ 36 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸ਼ਾਨਦਾਰ ਪਾਰੀ ਦੇ ਨਾਲ ਹੀ ਉਹ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ।

ਉਨ੍ਹਾਂ ਨੇ ਕੇ.ਐੱਲ. ਰਾਹੁਲ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ ਆਈ.ਪੀ.ਐੱਲ. 2026 ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਦਿਆਂ ਪੰਜਾਬ ਕਿੰਗਜ਼ ਵਿਰੁੱਧ 152 ਦੌੜਾਂ ਬਣਾਈਆਂ ਸਨ। ਪ੍ਰਿਆਂਸ਼ ਟੀ-20 ਕ੍ਰਿਕਟ ਦੇ ਆਲ-ਟਾਈਮ ਵਿਸ਼ਵ ਰਿਕਾਰਡ (ਦੱਖਣੀ ਅਫ਼ਰੀਕਾ ਦੇ ਲਹੁਆਨ-ਡ੍ਰੇ ਪ੍ਰੇਟੋਰੀਅਸ ਦੇ 188 ਦੌੜਾਂ) ਨੂੰ ਤੋੜਨ ਤੋਂ ਸਿਰਫ਼ 8 ਦੌੜਾਂ ਦੂਰ ਰਹਿ ਗਏ। ਇਸ ਤੋਂ ਇਲਾਵਾ 19 ਛੱਕੇ ਲਗਾ ਕੇ ਉਨ੍ਹਾਂ ਨੇ ਟੀ-20 ਮੈਚ ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਫਿਨ ਐਲਨ (ਨਿਊਜ਼ੀਲੈਂਡ) ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕਰ ਲਈ।

ਪ੍ਰਿਆਂਸ਼ ਆਰਿਆ ਦੀ ਇਸ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਦਿੱਲੀ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 275 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤ। ਦਿੱਲੀ ਵੱਲੋਂ ਅਨੁਜ ਰਾਵਤ ਨੇ 29, ਨਿਤੀਸ਼ ਰਾਣਾ ਨੇ 18 ਅਤੇ ਹਿੰਮਤ ਸਿੰਘ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਤਾਮਿਲਨਾਡੂ ਵੱਲੋਂ ਗੇਂਦਬਾਜ਼ੀ ਵਿੱਚ ਆਰ. ਸਿਲੰਬਰਾਸਨ ਨੇ 59 ਦੌੜਾਂ ਅਤੇ ਸ਼ਾਹਰੁਖ ਖ਼ਾਨ ਨੇ 51 ਦੌੜਾਂ ਲੁਟਾਈਆਂ।
 


author

Tarsem Singh

Content Editor

Related News