ਭਾਰਤੀ ਓਲੰਪਿਕ ਦਲ ਨਾਲ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖਿਡਾਰੀਆਂ ਨਾਲ ਕੀਤੀਆਂ ਦਿਲ ਖੋਲ ਕੇ ਗੱਲਾਂ
Saturday, Aug 17, 2024 - 11:56 AM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀ ਓਲੰਪਿਕ ਦਲ ਲਈ ਆਯੋਜਿਤ ਸਮਾਰੋਹ ਵਿਚ ਖਿਡਾਰੀਆਂ ਨੇ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਪ੍ਰਧਾਨ ਮੰਤਰੀ ਨੇ ਆਜ਼ਾਦੀ ਦਿਹਾੜੇ ’ਤੇ ਲਾਲ ਕਿਲੇ ’ਤੇ ਹੋਏ ਸਮਾਰੋਹ ਤੋਂ ਬਾਅਦ ਵੀਰਵਾਰ ਨੂੰ ਓਲੰਪਿਕ ਦਿਲ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿਚ ਉਨ੍ਹਾਂ ਨੂੰ ਖਿਡਾਰੀਆਂ ਨਾਲ ਨਿੱਜੀ ਤੌਰ ’ਤੇ ਗੱਲਾਂ ਕਰਦੇ ਦੇਖਿਆ ਗਿਆ। ਲਕਸ਼ੈ ਸੇਨ ਨੇ ਦੱਸਿਆ ਕਿ ਕਿਵੇਂ ਕੋਚ ਪ੍ਰਕਾਸ਼ ਪਾਦੂਕੋਣ ਨੇ ਉਸਦਾ ਮੋਬਾਈਲ ਲੈ ਲਿਆ ਸੀ, ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਬ੍ਰਿਟੇਨ ਵਿਰੁੱਧ ਮੈਚ ਵਿਚ ਰੋਮਾਂਚਕ ਜਿੱਤ ’ਤੇ ਬੋਲੇ ਤੇ ਜਦੋਂ ਪੈਰਿਸ ਵਿਚ ਏਅਰ ਕੰਡੀਸ਼ਨਰ (ਏ. ਸੀ.) ਨਾ ਹੋਣ ਦੀ ਚਰਚਾ ਚੱਲੀ ਤਾਂ ਕੋਈ ਆਪਣਾ ਹਾਸਾ ਨਹੀਂ ਰੋਕ ਸਕਿਆ।
ਪੈਰਿਸ ਓਲੰਪਿਕ ਵਾਤਾਵਰਣ ਅਨੁਕੂਲ ਹੋਣ ਕਾਰਨ ਖਿਡਾਰੀਆਂ ਦੇ ਕਮਰਿਆਂ ਵਿਚ ਏ. ਸੀ. ਨਹੀਂ ਸਨ, ਜਿਸ ਨਾਲ ਭਾਰਤੀ ਖੇਡ ਮੰਤਰਾਲਾ ਨੂੰ ਆਨਨ-ਫਾਨਨ ਵਿਚ ਉੱਥੇ 40 ਏ. ਸੀ. ਦਾ ਪ੍ਰਬੰਧ ਕਰਨਾ ਪਿਆ। ਮੋਦੀ ਨੇ ਹੱਸਦੇ ਹੋਏ ਪੁੱਛਿਆ ਕਿ ਕਿਸ-ਕਿਸ ਨੇ ਉਨ੍ਹਾਂ ਨੂੰ ਇਸਦੇ ਲਈ ਕੋਸਿਆ ਸੀ ਪਰ ਇਸ ’ਤੇ ਕਿਸੇ ਨੇ ਜਵਾਬ ਨਹੀਂ ਦਿੱਤਾ।
ਮੋਦੀ ਨੇ ਕਿਹਾ ਕਿ ਕਮਰਿਆਂ ਵਿਚ ਏ. ਸੀ. ਨਹੀਂ ਸਨ ਤੇ ਗਰਮੀ ਵੀ ਸੀ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੇ ਵਿਚੋਂ ਪਹਿਲਾਂ ਕਿਸ ਨੇ ਕਿਹਾ ਸੀ ਕਿ ਮੋਦੀ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਪਰ ਸਾਡੇ ਕਮਰਿਆਂ ਵਿਚ ਏ. ਸੀ. ਨਹੀਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰੇਸ਼ਾਨੀ ਕਿਸ ਨੂੰ ਹੋਈ ਪਰ ਮੈਨੂੰ ਪਤਾ ਲੱਗਾ ਹੈ ਕਿ ਕੁਝ ਘੰਟਿਆਂ ਵਿਚ ਹੀ ਕੰਮ ਹੋ ਗਿਆ ਸੀ।
ਦੇਖਿਆ! ਅਸੀਂ ਕਿਵੇਂ ਤੁਹਾਨੂੰ ਸਰਵਸ੍ਰੇਸ਼ਠ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਭਾਰਤ ਲਈ ਫੈਸਲਾਕੁੰਨ ਰਹੀਆਂ। ਭਾਰਤ ਦੇ 117 ਮੈਂਬਰੀ ਦਲ ਨੇ 1 ਚਾਂਦੀ ਤੇ 5 ਕਾਂਸੀ ਸਮੇਤ 6 ਤਮਗੇ ਜਿੱਤੇ।
ਸਾਡੇ ਤਾਂ ਫੋਨ ਹੀ ਰੱਖ ਲਏ ਸਨ : ਲਕਸ਼ੈ
ਪੁਰਸ਼ ਸਿੰਗਲਜ਼ ਬੈਡਮਿੰਟਨ ਵਿਚ ਚੌਥੇ ਸਥਾਨ ’ਤੇ ਰਹੇ ਲਕਸ਼ੈ ਸੇਨ ਨਾਲ ਗੱਲਬਾਤ ਵਿਚ ਮੋਦੀ ਨੇ ਕਿਹਾ ਕਿ ਜਦੋਂ ਮੈਂ ਲਕਸ਼ੈ ਨਾਲ ਪਹਿਲੀ ਵਾਰ ਮਿਲਿਆ ਸੀ ਤਾਂ ਤਦ ਉਹ ਬਹੁਤ ਛੋਟੇ ਸੀ। ਹੁਣ ਵੱਡਾ ਹੋ ਗਿਆ ਹੈ। ਤੁਹਾਨੂੰ ਪਤਾ ਹੈ ਕਿ ਤੁਸੀਂ ਇਕ ਸੈਲੇਬ੍ਰਿਟੀ ਬਣ ਗਏ ਹੋ। ਇਸ ’ਤੇ ਲਕਸ਼ੈ ਨੇ ਕਿਹਾ ਕਿ ਜੀ ਸਰ, ਪਰ ਮੈਚਾਂ ਦੌਰਾਨ ਪ੍ਰਕਾਸ਼ ਸਰ ਨੇ ਮੇਰਾ ਫੋਨ ਲੈ ਲਿਆ ਸੀ ਤੇ ਕਿਹਾ ਸੀ ਕਿ ਮੈਚ ਪੂਰੇ ਹੋਣ ਤੋਂ ਬਾਅਦ ਹੀ ਫੋਨ ਮਿਲੇਗਾ। ਉਸ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਸਾਰਿਆਂ ਨੇ ਮੇਰੀ ਕਿੰਨੀ ਹੌਸਲਾ-ਅਫਜ਼ਾਈ ਕੀਤੀ।
ਉਸ ਨੇ ਕਿਹਾ ਕਿ ਮੇਰੇ ਲਈ ਇਹ ਚੰਗਾ ਸਬਕ ਸੀ ਤੇ ਮੇਰਾ ਆਪਣੀਆਂ ਪਹਿਲੀਆਂ ਓਲੰਪਿਕ ਵਿਚ ਤਜਰਬਾ ਚੰਗਾ ਰਿਹਾ। ਪਹਿਲਾਂ ਕੁਝ ਮੈਚਾਂ ਵਿਚ ਨਰਵਸ ਸੀ ਪਰ ਬਾਅਦ ਵਿਚ ਆਮ ਹੋ ਗਿਆ। ਥੋੜ੍ਹਾ ਦਿਲ ਟੁੱਟਿਆ ਕਿ ਇੰਨਾ ਨੇੜੇ ਆ ਕੇ ਰਹਿ ਗਿਆ। ਅਗਲੀ ਵਾਰ ਪੂਰੀ ਕੋਸ਼ਿਸ਼ ਕਰਾਂਗਾ। ਪ੍ਰਧਾਨ ਮੰਤਰੀ ਨੇ ਮਜ਼ਾਕ ਵਿਚ ਕਿਹਾ ਕਿ ਜੇਕਰ ਪ੍ਰਕਾਸ਼ ਸਰ ਇੰਨੇ ਅਨੁਸ਼ਾਸਨ ਦੇ ਪਿਆਰੇ ਹਨ ਤਾਂ ਅਗਲੀ ਵਾਰ ਉਨ੍ਹਾਂ ਨੂੰ ਹੀ ਭੇਜਾਂਗਾ।
ਬ੍ਰਿਟੇਨ ਨਾਲ ਸਾਡੀ ਵਿਰੋਧਤਾ 150 ਸਾਲ ਪੁਰਾਣੀ
ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਨੂੰ ‘ਸਰਪੰਚ ਸਾਹਿਬ’ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਬ੍ਰਿਟੇਨ ਵਿਰੁੱਧ ਸ਼ੁਰੂ ਵਿਚ ਹੀ 10 ਖਿਡਾਰੀਆਂ ’ਤੇ ਸਿਮਟ ਗਏ ਤਾਂ ਕੀ ਹੌਸਲਾ ਟੁੱਟਿਆ ਸੀ। ਇਸ ’ਤੇ ਹਰਮਨਪ੍ਰੀਤ ਨੇ ਕਿਹਾ ਕਿ ਕਾਫੀ ਮੁਸ਼ਕਿਲ ਸੀ ਕਿਉਂਕਿ ਪਹਿਲੇ ਹੀ ਕੁਆਰਟਰ ਵਿਚ ਸਾਡੇ ਖਿਡਾਰੀ (ਅਮਿਤ ਰੋਹਿਦਾਸ) ਨੂੰ ਰੈੱਡ ਕਾਰਡ ਮਿਲ ਗਿਆ ਸੀ ਪਰ ਸਾਡੇ ਕੋਚਿੰਗ ਸਟਾਫ ਨੇ ਹਰ ਹਾਲਾਤ ਲਈ ਸਾਨੂੰ ਤਿਆਰ ਕੀਤਾ ਸੀ। ਸਾਰੀ ਟੀਮ ਦਾ ਜੋਸ਼ ਹੋਰ ਵੱਧ ਗਿਆ ਕਿਉਂਕਿ ਬ੍ਰਿਟੇਨ ਨੂੰ ਹਰ ਹਾਲ ਵਿਚ ਹਰਾਉਣਾ ਸੀ।
ਅਜਿਹਾ ਓਲੰਪਿਕ ਦੇ ਇਤਿਹਾਸ ਵਿਚ ਕਦੇ ਨਹੀਂ ਹੋਇਆ (10 ਖਿਡਾਰੀਆਂ ਨਾਲ 42 ਮਿੰਟ ਖੇਡ ਕੇ ਜਿੱਤਣਾ)। ਇਸ ਤੋਂ ਇਲਾਵਾ ਅਸੀਂ 52 ਸਾਲ ਬਾਅਦ ਵੱਡੇ ਟੂਰਨਾਮੈਂਟ ਵਿਚ ਆਸਟ੍ਰੇਲੀਆ ਨੂੰ ਹਰਾਇਆ, ਜਿਹੜੀ ਬਹੁਤ ਵੱਡੀ ਗੱਲ ਸੀ। ਬ੍ਰਿਟੇਨ ਨਾਲ ਵਿਰੋਧਤਾ ਦੇ ਮਾਮਲੇ ਵਿਚ ਮੋਦੀ ਨੇ ਹੱਸਦੇ ਹੋਏ ਕਿਹਾ ਕਿ ਇਹ ਤਾਂ ਪਿਛਲੇ 150 ਸਾਲਾਂ ਤੋਂ ਚੱਲੀ ਆ ਰਹੀ ਹੈ।
ਜੋ ਜਿੱਤ ਨਹੀਂ ਸਕੇ, ਉਹ ਹਾਰ ਨੂੰ ਆਪਣੇ ਦਿਮਾਗ ਵਿਚੋਂ ਕੱਢ ਦੇਣ। ਤੁਸੀਂ ਦੇਸ਼ ਨੂੰ ਸਨਮਾਨਿਤ ਕੀਤਾ ਹੈ ਤੇ ਕੁਝ ਸਿੱਖ ਕੇ ਪਰਤੇ ਹੋ। ਖੇਡਾਂ ਵਿਚ ਕੋਈ ਹਾਰਦਾ ਨਹੀਂ ਹੈ, ਹਰ ਕੋਈ ਸਿੱਖਦਾ ਹੈ। ਮੇਰਾ ਮੰਨਣਾ ਹੈ ਕਿ ਪੈਰਿਸ ਓਲੰਪਿਕ ਭਾਰਤੀ ਖੇਡਾਂ ਦੀ ਤਰੱਕੀ ਲਈ ਲਾਂਚਪੈਡ ਹੋਵੇਗਾ। ਇਹ ਫੈਸਲਾਕੁੰਨ ਬਿੰਦੂ ਹੋਵੇਗਾ। ਇਸ ਤੋਂ ਬਾਅਦ ਅਸੀਂ ਸਿਰਫ ਜਿੱਤਾਂਗੇ, ਅਸੀਂ ਰੁਕਣ ਵਾਲੇ ਨਹੀਂ ਹਾਂ।–ਨਰਿੰਦਰ ਮੋਦੀ
ਭਾਰਤ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ : ਮੋਦੀ
2036 ਓਲੰਪਿਕ ਖੇਡਾਂ ਦੀ ਦਾਅਵੇਦਾਰੀ ’ਤੇ ਮੋਦੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਸਾਲ ਮੁੰਬਈ ਵਿਚ ਆਯੋਜਿਤ ਕੀਤੇ ਗਏ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਸੰਮੇਲਨ ਦੌਰਾਨ ਓਲੰਪਿਕ ਮੇਜ਼ਬਾਨੀ ਦੀ ਇੱਛਾ ਜਤਾਈ ਸੀ। ਅਗਲੇ ਸਾਲ ਆਈ. ਓ. ਸੀ. ਦੀਆਂ ਚੋਣਾਂ ਹੋਣੀਆਂ ਹਨ ਤੇ ਉਸ ਤੋਂ ਬਾਅਦ ਹੀ 2036 ਦੀਆਂ ਓਲੰਪਿਕ ਖੇਡਾਂ ਦੇ ਮੇਜ਼ਬਾਨ ਦਾ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ ਜਿਵੇਂ ਕਿ ਸਾਊਦੀ ਅਰਬ, ਕਤਰ, ਤੁਰਕੀ ਆਦਿ ਵੀ 2036 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ ਵਿਚ ਸ਼ਾਮਲ ਹਨ। ਆਈ. ਓ. ਸੀ. ਮੁਖੀ ਥਾਮਸ ਬਾਕ ਨੇ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਭਾਰਤ ਨੇ ਅਜੇ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸ ਸ਼ਹਿਰ ਲਈ ਓਲੰਪਿਕ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰੇਗਾ।
ਹਾਕੀ ਟੀਮ ਨੇ ਦਿੱਤੀ ਆਟੋਗ੍ਰਾਫ ਵਾਲੀ ਸਟਿੱਕ, ਮਨੂ ਨੇ ਦਿਖਾਈ ਪਿਸਟਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਪਣੀ ਉਹ ਪਿਸਟਲ ਦਿਖਾਈ, ਜਿਸ ਨਾਲ ਉਨ੍ਹਾਂ ਨੇ 2 ਕਾਂਸੀ ਜਿੱਤੇ। ਇਸ ਦੌਰਾਨ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਪ੍ਰਧਾਨ ਮੰਤਰੀ ਨੂੰ ਇਕ ਸਟਿੱਕ ਭੇਟ ਕੀਤੀ, ਜਿਸ ’ਤੇ ਸਾਰੇ ਖਿਡਾਰੀਆਂ ਦੇ ਆਟੋਗ੍ਰਾਫ ਸਨ। ਮੋਦੀ ਨੇ ਇਸ ਦੌਰਾਨ ਸਵਪਨਿਲ ਕੁਸਾਲੇ, ਅਮਨ ਸਹਿਰਾਵਤ ਨਾਲ ਵੀ ਮੁਲਾਕਾਤ ਕੀਤੀ।