ਸਿਆਸਤ ’ਚ ਨਹੀਂ ਆਵਾਂਗੀ, ਦੇਸ਼ ਲਈ ਓਲੰਪਿਕ ’ਚ ਸੋਨ ਤਮਗਾ ਲਿਆਉਣਾ ਟੀਚਾ : ਮਨੂ ਭਾਕਰ
Monday, Aug 26, 2024 - 06:10 PM (IST)
ਭਿਵਾਨੀ– ਪੈਰਿਸ ਓਲੰਪਿਕ ਵਿਚ ਦੇਸ਼ ਲਈ ਦੋ ਕਾਂਸੀ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਦਾ ਸੋਮਵਾਰ ਨੂੰ ਉਸਦੇ ਨਨਿਹਾਲ ਚਰਖੀ ਦਾਦਰੀ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਉਸ ਨੂੰ ਸਨਮਾਨਿਤ ਕੀਤਾ ਗਿਆ। ਮਨੂ ਨੇ ਆਪਣੇ ਸਨਮਾਨ ਨੂੰ ਸਾਰੀ ਉਮਰ ਯਾਦ ਰੱਖਣ ਦੀ ਗੱਲ ਕਹੀ। ਉਸ ਨੇ ਕਿਹਾ,‘‘ਮੈਂ ਸਿਆਸਤ ਵਿਚ ਨਹੀਂ ਆਵਾਂਗੀ। ਸਗੋਂ ਆਪਣੀ ਖੇਡ ’ਤੇ ਧਿਆਨ ਦਿੰਦੇ ਹੋਏ ਓਲੰਪਿਕ ਵਿਚ ਸੋਨ ਤਮਗਾ ਜਿੱਤਣਾ ਹੀ ਮੇਰਾ ਟੀਚਾ ਹੈ।’’ ਉਸ ਨੇ ਕਿਹਾ,‘‘ਕਿ ਕੋਈ ਵੀ ਖਿਡਾਰੀ ਹੋਵੇ, ਉਸਦੀ ਸੋਚ ’ਤੇ ਨਿਰਭਰ ਰਹਿੰਦਾ ਹੈ ਕਿ ਉਹ ਸਿਆਸਤ ਕਰੇ ਜਾਂ ਫਿਰ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰੇ। ਮਨੂ ਨੇ ਕਿਹਾ,‘‘ਮੇਰਾ ਧਿਆਨ ਸਿਰਫ ਦੇਸ਼ ਲਈ ਸੋਨ ਤਮਗਾ ਜਿੱਤਣ ਦਾ ਹੀ ਹੈ। ਅਜੇ ਸਿਆਸਤ ਨਹੀਂ ਕਰਾਂਗੀ।’’
ਸਨਮਾਨ ਸਮਾਰੋਹ ਵਿਚ ਸਾਬਕਾ ਮੰਤਰੀ ਸਤਪਾਲ ਸਾਂਗਵਾਨ, ਕੌਮਾਂਤੀਰ ਪਹਿਲਵਾਨ ਤੇ ਭਾਜਪਾ ਨੇਤਾ ਬਬੀਤਾ ਫੋਗਾਟ ਸਮੇਤ ਕਈ ਨੇਤਾ ਮੌਜੂਦ ਸਨ। ਮਨੂ ਨੇ ਮੀਡੀਆ ਨੂੰ ਕਿਹਾ,‘‘ਜੋ ਸਨਮਾਨ ਮਿਲ ਰਿਹਾ ਹੈ, ਉਸੇ ਉਤਸ਼ਾਹ ਨਾਲ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਲਈ ਜਜ਼ਬਾ ਵੀ ਵੱਧ ਰਿਹਾ ਹੈ।’’
ਮਨੂ ਨੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਧਿਆਨ ਦੇਣ ਦੀ ਗੱਲ ਕਹੀ। ਉਸ ਨੇ ਕਿਹਾ,‘‘ਦੇਸ਼ ਲਈ ਤਮਗਾ ਜਿੱਤਣ ਦਾ ਟੀਚਾ ਰੱਖੋ, ਸਫਲਤਾ ਜ਼ਰੂਰ ਮਿਲੇਗੀ।’’
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਭਾਰ ਦੇ ਮਾਮਲੇ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿਚ ਮਨੂ ਨੇ ਕਿਹਾ,‘‘ਵਿਨੇਸ਼ ਦੀ ਭਾਵਨਾ ਫਾਈਟਰ ਦੀ ਤਰ੍ਹਾਂ ਰਹੀ ਹੈ। ਇਸ ਮਾਮਲੇ ਤੋਂ ਸਬਕ ਲੈਣਾ ਚਾਹੀਦਾ ਹੈ। ਵਿਨੇਸ਼ ਫੋਗਾਟ ਦੇ ਨਾਲ ਜੋ ਹੋਇਆ, ਉਹ ਮੰਦਭਾਗਾ ਹੈ। ਮੈਨੂੰ ਇਸਦੀ ਤਕਨੀਕੀ ਜਾਣਕਾਰੀ ਨਹੀਂ ਹੈ। ਵਿਨੇਸ਼ ਵੱਲੋਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਉਸਦਾ ਖੁਦ ਦਾ ਹੈ। ਵਿਨੇਸ਼ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਤਮਗੇ ਜਿੱਤਣ ਲਈ ਫਿਰ ਤੋਂ ਮੈਦਾਨ ’ਤੇ ਉਤਰਨਾ ਚਾਹੀਦਾ ਹੈ।’’