CWG 2022 : ਹਰਜਿੰਦਰ ਕੌਰ ਨੂੰ ਕਾਂਸੀ ਤਮਗ਼ਾ ਜਿੱਤਣ 'ਤੇ PM ਮੋਦੀ ਤੇ CM ਭਗਵੰਤ ਮਾਨ ਨੇ ਦਿੱਤੀਆਂ ਵਧਾਈਆਂ
Tuesday, Aug 02, 2022 - 01:51 PM (IST)
ਸਪੋਰਟਸ ਡੈਸਕ- ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਵਿੱਚ ਵੇਟਲਿਫਟਿੰਗ ਵਿੱਚ ਭਾਰਤੀ ਅਥਲੀਟਾਂ ਦੇ ਸ਼ਾਨਦਾਰ ਸਫ਼ਰ ਨੂੰ ਜਾਰੀ ਰੱਖਦੇ ਹੋਏ ਪੰਜਾਬ ਦੇ ਸ਼ਹਿਰ ਨਾਭਾ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਸੋਮਵਾਰ ਨੂੰ ਇੱਥੇ ਔਰਤਾਂ ਦੇ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹਰਜਿੰਦਰ ਨੇ ਸਨੈਚ ਵਿੱਚ 93 ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਕੁੱਲ 212 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਹਰਜਿੰਦਰ ਨੂੰ ਇਸ ਸ਼ਾਨਦਾਰ ਕਾਮਯਾਬੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਨੇ ਵਧਾਈਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 2022: ਜੂਡੋ 'ਚ ਸੁਸ਼ੀਲਾ ਦੇਵੀ ਨੇ ਜਿੱਤਿਆ ਚਾਂਦੀ ਦਾ ਤਮਗਾ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੇਟਲਿਫਟਰ ਹਰਜਿੰਦਰ ਕੌਰ ਨੂੰ ਟਵੀਟ ਕੀਤਾ, 'ਬਰਮਿੰਘਮ 'ਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਸਾਡੇ ਵੇਟਲਿਫਟਰਾਂ ਨੇ ਅਸਧਾਰਨ ਪ੍ਰਦਰਸ਼ਨ ਕੀਤਾ ਹੈ। ਇਸ ਨੂੰ ਜਾਰੀ ਰਖਦੇ ਹੋਏ ਹਰਜਿੰਦਰ ਕੌਰ ਨੇ ਕਾਂਸੀ ਤਮਗ਼ਾ ਜਿੱਤਿਆ ਹੈ। ਇਸ ਖ਼ਾਸ ਉਪਲੱਬਧੀ ਲਈ ਉਨ੍ਹਾਂ ਨੂੰ ਵਧਾਈ। ਉਨ੍ਹਾਂ ਨੂੰ ਭਵਿੱਖ ਦੇ ਉਨ੍ਹਾਂ ਦੇ ਉਪਰਾਲਿਆਂ ਲਈ ਸ਼ੁਭਕਾਮਨਾਵਾਂ।'
ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਹਰਜਿੰਦਰ ਕੌਰ ਨੂੰ ਟਟਿੱਟਰ ਰਾਹੀਂ ਵਧਾਈ ਦਿੰਦੇ ਹੋਏ ਕਿਹਾ,'ਰਾਸ਼ਟਰਮੰਡਲ ਖੇਡਾਂ ਵਿੱਚ ਨਾਭਾ ਨੇੜਲੇ ਪਿੰਡ ਮੈਹਸ ਦੀ ਜੰਮਪਲ ਹਰਜਿੰਦਰ ਕੌਰ ਵੱਲੋਂ ਵੇਟ ਲਿਫਟਿੰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਵਧਾਈਆਂ…
ਹਰਜਿੰਦਰ ਤੁਸੀਂ ਪੰਜਾਬ ਦੀਆਂ ਬੱਚੀਆਂ ਲਈ ਪ੍ਰੇਰਣਾਸਰੋਤ ਬਣੋਗੇ…ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ…ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ…
ਚੱਕਦੇ ਇੰਡੀਆ….
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਰਜਿੰਦਰ ਕੌਰ ਨੂੰ ਵਧਾਈ ਦਿੰਦੇ ਹੋਏ ਟਵੀਟ ਕਰਦੇ ਹੋਏ ਕਿਹਾ, 'ਬਰਮਿੰਘਮ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੀ ਧੀ ਹਰਜਿੰਦਰ ਕੌਰ ਨੇ 71 ਕਿਲੋ ਵੇਟਲਿਫਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਇਹ ਭਾਰਤ ਦਾ ਨੌਂਵਾਂ ਮੈਡਲ ਹੈ। ਨਾਭਾ ਨੇੜਲੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੂੰ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਬਹੁਤ ਬਹੁਤ ਮੁਬਾਰਕਾਂ ।'
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਹਾਕੀ : ਭਾਰਤ ਤੇ ਇੰਗਲੈਂਡ ਵਿਚਾਲੇ ਮੈਚ 4-4 ਨਾਲ ਹੋਇਆ ਡਰਾਅ
ਨੋਟ : ਇਸ ਖ਼ਬਰ ਬਾਰੇ ਕੀ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।