ਚੈਂਪੀਅਨਜ਼ ਟਰਾਫੀ ਤੋਂ ਪੀ. ਸੀ. ਬੀ. ਨੂੰ ਅਨੁਮਾਨ ਤੋਂ ਵੱਧ ਹੋਈ ਕਮਾਈ
Wednesday, Apr 09, 2025 - 03:21 PM (IST)

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਦਾਅਵਾ ਕੀਤਾ ਹੈ ਕਿ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਤੋਂ ਉਸ ਨੂੰ 3 ਅਰਬ ਰੁਪਏ ਦੀ ਕਮਾਈ ਹੋਈ ਹੈ, ਜਿਹੜੀ ਉਸਦੇ ਦੋ ਅਰਬ ਰੁਪਏ ਦੇ ਟੀਚੇ ਤੋਂ ਵੱਧ ਹੈ। ਪੀ. ਸੀ. ਬੀ. ਨੇ ਇਹ ਦਾਅਵਾ ਨੈਸ਼ਨਲ ਅੰਸਬੈਂਲੀ ਨੂੰ ਲਿਖਤੀ ਜਵਾਬ ਵਿਚ ਕੀਤਾ ਹੈ, ਜਿਸ ਨੇ ਪਿਛਲੇ ਦੋ ਸਾਲਾਂ ਵਿਚ ਰਾਸ਼ਟਰੀ ਟੀਮ ਦੇ ਲਗਾਤਾਰ ਖਰਾਬ ਪ੍ਰਦਰਸ਼ਨ ’ਤੇ ਚਿੰਤਾ ਜਤਾਈ ਹੈ।
ਪੀ. ਸੀ. ਬੀ. ਨੇ ਆਪਣੇ ਲਿਖਤੀ ਜਵਾਬ ਵਿਚ ਇਹ ਵੀ ਪੁਸ਼ਟੀ ਕੀਤੀ ਹੈ ਕਿ ਕਰਾਚੀ, ਲਾਹੌਰ ਤੇ ਰਾਵਲਪਿੰਡੀ ਵਿਚ ਸਟੇਡੀਅਮਾਂ ਦੇ ਨਵੀਨੀਕਰਣ ’ਤੇ ਕੁੱਲ 18 ਅਰਬ ਰੁਪਏ ਖਰਚ ਕੀਤੇ ਜਾ ਰਹੇ ਹਨ। ਬੋਰਡ ਨੇ ਕਿਹਾ ਕਿ ਨਵੀਨੀਕਰਣ ਦੀ ਪ੍ਰਕਿਰਿਆ 2026 ਤੱਕ ਪੂਰੀ ਹੋ ਜਾਵੇਗੀ ਤੇ ਇਸਦਾ ਦੂਜਾ ਪੜਾਅ ਮਈ ਵਿਚ ਪਾਕਿਸਤਾਨ ਸੁਪਰ ਲੀਗ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ। ਪੀ. ਸੀ. ਬੀ. ਨੇ ਇਹ ਵੀ ਕਿਹਾ ਕਿ ਚੈਂਪੀਅਨਜ਼ ਟਰਾਫੀ ਤੇ ਹੋਰ ਚੀਜ਼ਾਂ ਦੇ ਕਾਰਨ ਅਜੇ ਤੱਕ ਬਜ਼ਟ ਵਿਚ ਕੋਈ ਵਾਧਾ ਨਹੀਂ ਹੋਇਆ ਹੈ।
ਪੀ. ਸੀ. ਬੀ. ਨੇ ਪੁਸ਼ਟੀ ਕੀਤੀ, ‘‘ਪੀ. ਸੀ. ਬੀ. ਆਪਣੇ ਵਿੱਤੀ ਸਾਲਾਂ ਦੇ ਅੰਤ ਵਿਚ ਸਾਲਾਨਾ ਦੋ ਆਡਿਟ ਵਿਚੋਂ ਲੰਘਦਾ ਹੈ। ਚਾਲੂ ਵਿੱਤੀ ਸਾਲ ਲਈ ਆਡਿਤ 30 ਜੂਨ 2025 ਤੋਂ ਬਾਅਦ ਹੋਵੇਗਾ।’ ਬੋਰਡ ਨੇ ਇਹ ਵੀ ਕਿਹਾ ਕਿ ਚੈਂਪੀਅਨਜ਼ ਟਰਾਫੀ ਤੋਂ ਮਿਲਣ ਵਾਲੀ ਰਾਸ਼ੀ ਦੇ ਆਖਰੀ ਅੰਕੜੇ ਆਈ. ਸੀ. ਸੀ. ਵੱਲੋਂ ਆਪਣਾ ਵਿੱਤੀ ਆਡਿਤ ਪੂਰਾ ਕਰਨ ਤੋਂ ਬਾਅਦ ਨਿਰਧਾਰਿਤ ਕੀਤੇ ਜਾਣਗੇ।