ਮਿਸਬਾਹ ਤੇ ਵਕਾਰ ਦੇ ਅਸਤੀਫ਼ੇ 'ਤੇ ਪਾਕਿ ਦੇ ਉਪ-ਕਪਤਾਨ ਸ਼ਾਦਾਬ ਦਾ ਵੱਡਾ ਬਿਆਨ ਆਇਆ ਸਾਹਮਣੇ
Friday, Sep 10, 2021 - 06:59 PM (IST)
ਸਪੋਰਟਸ ਡੈਸਕ- ਪਾਕਿਸਤਾਨ ਦੀ ਸੀਮਿਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਸ਼ਾਦਾਬ ਖ਼ਾਨ ਨੇ ਸਵੀਕਾਰ ਕੀਤਾ ਹੈ ਕਿ ਮੁੱਖ ਕੋਚ ਮਿਸਬਾਹ ਉਲ ਹੱਕ ਤੇ ਗੇਂਦਬਾਜ਼ੀ ਕੋਚ ਵਕਾਰ ਯੂਨਿਸ ਦੇ ਅਚਾਨਕ ਅਸਤੀਫ਼ਾ ਦੇਣ ਨਾਲ ਜੋ ਸਥਿਤੀ ਪੈਦਾ ਹੋਈ ਹੈ ਉਹ ਸਹੀ ਨਹੀਂ ਹੈ ਪਰ ਟੀਮ ਆਗਾਮੀ ਮਹੱਤਵਪੂਰਨ ਪ੍ਰਤੀਯੋਗਿਤਾਵਾਂ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਦੇ ਨਾ-ਪੱਖੀ ਵਿਚਾਰਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਮਿਸਬਾਹ ਤੇ ਵਕਾਰ ਨੇ ਅਸਤੀਫ਼ੇ ਦੇ ਦਿੱਤੇ ਹਨ ਤੇ ਸਾਬਕਾ ਟੈਸਟ ਕ੍ਰਿਕਟਰਾਂ ਸਕਲੇਨ ਮੁਸ਼ਤਾਕ ਤੇ ਅਬਦੁਲ ਰੱਜ਼ਾਕ ਨੂੰ ਕੁਝ ਸਮੇਂ ਲਈ ਅੰਤਰਿਮ ਕੋਚ ਨਿਯੁਕਤ ਕੀਤਾ ਗਿਆ ਹੈ। ਸ਼ਾਦਾਬ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਫ਼ੈਸਲੇ 'ਤੇ ਟਿੱਪਣੀ ਨਹੀਂ ਕਰ ਸਕਦਾ ਪਰ ਇਕ ਟੀਮ ਦੇ ਤੌਰ 'ਤੇ ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਾਲ ਦੇ ਘਟਨਾਕ੍ਰਮ ਨਾਲ ਸਾਡੇ ਕੈਂਪ 'ਚ ਕਿਸੇ ਵੀ ਤਰ੍ਹਾਂ ਦੀ ਨਾ-ਪੱਖੀ ਭਾਵਨਾ ਪੈਦਾ ਨਾ ਹੋਵੇ ਕਿਉਂਕਿ ਇਹ ਸਾਡੇ ਲਈ ਸਹੀ ਸਥਿਤੀ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਡਾ ਧਿਆਨ ਉਨ੍ਹਾਂ ਚੀਜ਼ਾਂ 'ਤੇ ਹੈ ਜੋ ਅਸੀਂ ਕਰ ਸਕਦੇ ਹਾਂ। ਅਸੀਂ ਇਸ ਤੋਂ ਇਲਾਵਾ ਸੋਚਣਾ ਨਹੀਂ ਚਾਹੁੰਦੇ। ਛੇਤੀ ਹੀ ਟੀ-20 ਵਰਲਡ ਕੱਪ ਹੋਣਾ ਹੈ ਤੇ ਸਾਡਾ ਧਿਆਨ ਖ਼ੁਦ ਨੂੰ ਉਸ ਦੇ ਲਈ ਤਿਆਰ ਕਰਨ 'ਤੇ ਹੈ।