ਸਾਡੀ ਲੜਾਈ ਜਾਰੀ ਰਹੇਗੀ, ਸੱਚਾਈ ਦੀ ਜਿੱਤ ਹੋਵੇਗੀ : ਵਿਨੇਸ਼ ਫੋਗਾਟ
Sunday, Aug 18, 2024 - 02:22 PM (IST)
ਨਵੀਂ ਦਿੱਲੀ— ਪੈਰਿਸ ਓਲੰਪਿਕ ਤੋਂ ਘਰ ਪਰਤਣ 'ਤੇ ਸ਼ਾਨਦਾਰ ਸਵਾਗਤ ਤੋਂ ਪ੍ਰਭਾਵਿਤ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਹੈ ਕਿ ਭਾਰਤੀ ਕੁਸ਼ਤੀ ਦੀ ਬਿਹਤਰੀ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ ਅਤੇ ਸੱਚਾਈ ਦੀ ਜਿੱਤ ਹੋਵੇਗੀ। ਓਲੰਪਿਕ 'ਚ 50 ਕਿਲੋਗ੍ਰਾਮ ਦੇ ਫਾਈਨਲ 'ਚ ਪਹੁੰਚਣ ਤੋਂ ਬਾਅਦ ਜ਼ਿਆਦਾ ਭਾਰ ਕਾਰਨ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਦਾ ਸ਼ਨੀਵਾਰ ਨੂੰ ਇੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਵਿਨੇਸ਼ ਨੇ ਆਪਣੀ ਅਯੋਗਤਾ ਦੇ ਖਿਲਾਫ ਆਰਬਿਟਰੇਸ਼ਨ ਫਾਰ ਸਪੋਰਟ ਦੀ ਅਦਾਲਤ ਵਿੱਚ ਅਪੀਲ ਕੀਤੀ ਸੀ ਪਰ ਇਸਨੂੰ ਉਸ ਦੇ ਐਡ-ਹਾਕ ਡਿਵੀਜ਼ਨ ਨੇ ਰੱਦ ਕਰ ਦਿੱਤਾ ਸੀ।
ਵਿਨੇਸ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਸਾਡੀ ਲੜਾਈ ਖਤਮ ਨਹੀਂ ਹੋਈ ਹੈ। ਲੜਾਈ ਜਾਰੀ ਰਹੇਗੀ ਅਤੇ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਸੱਚਾਈ ਦੀ ਜਿੱਤ ਹੋਵੇ। ਵਿਨੇਸ਼ ਅਤੇ ਉਨ੍ਹਾਂ ਦੇ ਸਾਥੀ ਓਲੰਪੀਅਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨੂੰ ਲੈ ਕੇ ਭਾਰਤੀ ਕੁਸ਼ਤੀ ਮਹਾਸੰਘ (ਡਬਲਊਐੱਫਆਈ) ਅਤੇ ਇਸ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਇੱਕ ਸਾਲ ਤੋਂ ਵੱਧ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਨੇਸ਼ ਸਮੇਤ ਛੇ ਪਹਿਲਵਾਨ ਪਿਛਲੇ ਸਾਲ ਡਬਲਊਐੱਫਆਈ ਦੇ ਸਾਬਕਾ ਪ੍ਰਧਾਨ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਸਨ।
ਵਿਨੇਸ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਨਿੱਘਾ ਸੁਆਗਤ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। 29 ਸਾਲਾ ਪਹਿਲਵਾਨ ਨੇ ਕਿਹਾ, 'ਮੈਨੂੰ ਮੇਰੇ ਦੇਸ਼ਵਾਸੀਆਂ, ਮੇਰੇ ਪਿੰਡ ਅਤੇ ਪਰਿਵਾਰਕ ਮੈਂਬਰਾਂ ਤੋਂ ਮਿਲਿਆ ਪਿਆਰ ਇਸ ਝਟਕੇ ਨੂੰ ਦੂਰ ਕਰਨ ਵਿੱਚ ਮੇਰੀ ਮਦਦ ਕਰੇਗਾ। ਮੈਂ ਕੁਸ਼ਤੀ ਵਿੱਚ ਵਾਪਸ ਜਾ ਸਕਦੀ ਹਾਂ। ਉਨ੍ਹਾਂ ਨੇ ਕਿਹਾ, 'ਓਲੰਪਿਕ ਮੈਡਲ ਤੋਂ ਖੁੰਝਣਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਦਮਾ ਹੈ। ਮੈਨੂੰ ਨਹੀਂ ਪਤਾ ਕਿ ਇਸ ਤੋਂ ਉਭਰਨ ਲਈ ਮੈਨੂੰ ਕਿੰਨਾ ਸਮਾਂ ਲੱਗੇਗਾ। ਮੈਨੂੰ ਨਹੀਂ ਪਤਾ ਕਿ ਮੈਂ ਕੁਸ਼ਤੀ ਵਿੱਚ ਵਾਪਸੀ ਕਰਾਂਗੀ ਜਾਂ ਨਹੀਂ ਪਰ ਮੈਨੂੰ ਅੱਜ ਜੋ ਹਿੰਮਤ ਮਿਲੀ ਹੈ, ਉਸ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਚਾਹੁੰਦੀ ਹਾਂ।