ਓਸਾਕਾ ਮਿਆਮੀ ਓਪਨ ਦੇ ਫਾਈਨਲ ''ਚ, ਮੇਦਵੇਦੇਵ ਨੰਬਰ ਇਕ ਬਣਨ ਤੋਂ ਖੁੰਝੇ

Friday, Apr 01, 2022 - 06:16 PM (IST)

ਓਸਾਕਾ ਮਿਆਮੀ ਓਪਨ ਦੇ ਫਾਈਨਲ ''ਚ, ਮੇਦਵੇਦੇਵ ਨੰਬਰ ਇਕ ਬਣਨ ਤੋਂ ਖੁੰਝੇ

ਮਿਆਮੀ ਗਾਰਡਨਸ- ਨਾਓਮੀ ਓਸਾਕਾ ਤਿੰਨ ਸੈੱਟ ਤਕ ਚਲੇ ਸੰਘਰਸ਼ਪੂਰਨ ਮੈਚ 'ਚ ਜਿੱਤ ਦਰਜ ਕਰਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਫਾਈਨਲ 'ਚ ਪੁੱਜ ਗਈ ਪਰ ਪੁਰਸ਼ ਸਿੰਗਲ 'ਚ ਦਾਨਿਲ ਮੇਦਵੇਦੇਵ ਕੁਆਰਟਰ ਫਾਈਨਲ 'ਚ ਹਾਰਨ ਦੇ ਕਾਰਨ ਫਿਰ ਤੋਂ ਨੰਬਰ ਇਕ ਰੈਂਕਿੰਗ ਹਾਸਲ ਕਰਨ ਤੋਂ ਖੁੰਝ ਗਏ।

ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਤੇ ਇੱਥੇ ਗ਼ੈਰ ਦਰਜਾ ਪ੍ਰਾਪਤ ਓਸਾਕਾ ਨੇ ਸੈਮੀਫਾਈਨਲ 'ਚ 22ਵਾਂ ਦਰਜਾ ਪ੍ਰਾਪਤ ਬੇਲਿੰਡਾ ਬੇਨਸਿਚ ਨੂੰ 4-6, 6-3, 6-4 ਨਾਲ ਹਰਾਇਆ। ਉਹ ਆਸਟਰੇਲੀਆਈ ਓਪਨ 2021 ਦੇ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜੀ ਹੈ। ਓਸਾਕਾ ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਇਗਾ ਸਵੀਆਤੇਕ ਨਾਲ ਭਿੜੇਗੀ ਜਿਨ੍ਹਾਂ ਨੇ ਇਕ ਹੋਰ ਸੈਮੀਫਾਈਨਲ 'ਚ 16ਵਾਂ ਦਰਜਾ ਪ੍ਰਾਪਤ ਜੇਸਿਕਾ ਪੇਗੁਲਾ ਨੂੰ 6-2, 7-5 ਨਾਲ ਹਰਾਇਆ। ਸਵੀਆਤੇਕ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਰੈਂਕਿੰਗ 'ਚ ਸੰਨਿਆਸ ਲੈ ਚੁੱਕੀ ਐਸ਼ ਬਾਰਟੀ ਦੀ ਜਗ੍ਹਾ ਚੋਟੀ 'ਤੇ ਕਾਬਜ ਹੋ ਜਾਵੇਗੀ।

ਇਸ ਦੌਰਾਨ ਮੇਦਵੇਦੇਵ ਦੂਜੀ ਰੈਂਕਿੰਗ ਦੇ ਖਿਡਾਰੀ ਦੇ ਤੌਰ 'ਤੇ ਉਤਰੇ ਸਨ ਤੇ ਹੂਬਰਟ ਹਰਕਾਜ ਨੇ ਯਕੀਨੀ ਕੀਤਾ ਕਿ ਉਹ ਇਸੇ ਨੰਬਰ 'ਤੇ ਬਣੇ ਰਹਿਣਗੇ। ਹਰਕਾਜ ਨੇ ਪੁਰਸ਼ ਵਰਗ ਦੇ ਕੁਆਰਟਰ ਫਾਈਨਲ 'ਚ ਮੇਦਵੇਦੇਵ ਨੂੰ 7-6 (7), 6-3 ਨਾਲ ਹਰਾਇਆ। ਮੇਦਵੇਦੇਵ ਇਸ ਦੌਰਾਨ ਮਾਸਪੇਸ਼ੀਆਂ 'ਚ ਜਕੜਨ ਤੋਂ ਪਰੇਸ਼ਾਨ ਰਹੇ। ਮੇਦਵੇਦੇਵ ਜੇਕਰ ਇਸ ਮੈਚ 'ਚ ਜਿੱਤ ਦਰਜ ਕਰ ਲੈਂਦੇ ਤਾਂ ਫਿਰ ਨੋਵਾਕ ਜੋਕੋਵਿਚ ਨੂੰ ਪਿੱਛੇ ਛੱਡ ਵਿਸ਼ਵ ਰੈਂਕਿੰਗ 'ਚ ਮੁੜ ਤੋਂ ਨੰਬਰ ਵਨ 'ਤੇ ਪੁੱਜ ਜਾਂਦੇ। ਇਹ ਰੂਸੀ ਖਿਡਾਰੀ ਹਾਲਾਂਕਿ ਹੁਣ ਨੰਬਰ ਦੋ 'ਤੇ ਹੀ ਬਣਿਆ ਰਹੇਗਾ।


author

Tarsem Singh

Content Editor

Related News