ਨਾਈਜੀਰੀਆ ਦਾ ਫੁੱਟਬਾਲ ਖਿਡਾਰੀ ਹੈਰੋਇਨ ਸਮੇਤ ਕਾਬੂ
Tuesday, May 28, 2019 - 11:15 PM (IST)

ਮੋਹਾਲੀ (ਰਾਣਾ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ 100 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਜੇਮਸ ਓਕੋਫੋਰ ਵਜੋਂ ਹੋਈ ਹੈ। ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਐੱਸ. ਟੀ. ਐੱਫ. ਦੇ ਸਹਾਇਕ ਆਈ. ਜੀ. ਪੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੇਜ਼-6 ਸਿਵਲ ਹਸਪਤਾਲ ਦੇ ਟੀ-ਪੁਆਇੰਟ ਤੋਂ ਨਸ਼ੇ ਵਾਲਾ ਪਦਾਰਥ ਲੈ ਕੇ ਕੋਈ ਵਿਅਕਤੀ ਲੰਘਣ ਵਾਲਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਨਾਕਾਬੰਦੀ ਕਰ ਦਿੱਤੀ ਅਤੇ ਜਿਵੇਂ ਹੀ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 2 ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਅਧਿਕਾਰੀਆਂ ਨੇ ਖੁਲਾਸਾ ਕਰਦਿਆਂ ਕਿਹਾ ਕਿ ਫਡ਼ਿਆ ਗਿਆ ਮੁਲਜ਼ਮ ਹੈਰੋਇਨ ਦੀ ਸਪਲਾਈ ਦੇਣ ਲਈ ਚੰਡੀਗਡ਼੍ਹ ਸਾਈਡ ਤੋਂ ਮੋਹਾਲੀ ਅਤੇ ਖਰਡ਼ ਵੱਲ ਜਾ ਰਿਹਾ ਸੀ। ਮੁਲਜ਼ਮ ਨਾਈਜੀਰੀਆ ਦਾ ਰਹਿਣ ਵਾਲਾ ਹੈ ਅਤੇ ਲੰਘੇ ਫਰਵਰੀ ਮਹੀਨੇ ਭਾਰਤ ਆਇਆ ਸੀ ਅਤੇ ਉਹ ਫੁੱਟਬਾਲ ਦਾ ਖਿਡਾਰੀ ਹੈ। ਉਹ ਪੈਸਿਆਂ ਦੇ ਲਾਲਚ ਵਿਚ ਫਸ ਗਿਆ ਅਤੇ ਹੈਰੋਇਨ ਸਪਲਾਈ ਦਾ ਕੰਮ ਕਰਨ ਲਗ ਪਿਆ।