NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ ''ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
Thursday, Feb 24, 2022 - 07:58 PM (IST)
ਕਵੀਂਸਟਾਊਨ- ਸਮ੍ਰਿਤੀ ਮੰਧਾਨਾ (71), ਹਰਮਨਪ੍ਰੀਤ ਕੌਰ (63) ਅਤੇ ਕਪਤਾਨ ਮਿਤਾਲੀ ਰਾਜ (67) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਇੱਥੇ ਪੰਜਵੇਂ ਅਤੇ ਆਖਰੀ ਵਨ ਡੇ ਕ੍ਰਿਕਟ ਮੈਚ ਵਿਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਖੁਦ ਨੂੰ ਕਲੀਨ ਸਵੀਪ ਹੋਣ ਤੋਂ ਬਚਾ ਲਿਆ। ਨਿਊਜ਼ੀਲੈਂਡ ਨੇ ਹਾਲਾਂਕਿ 4-1 ਨਾਲ ਸੀਰੀਜ਼ ਜਿੱਤ ਲਈ।
ਮੇਜ਼ਬਾਨ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਆਲਰਾਊਂਡਰ ਅਮੇਲੀਆ ਕੇਰ ਦੇ ਅਰਧ ਸੈਂਕੜੇ ਅਤੇ ਹੋਰ ਬੱਲੇਬਾਜ਼ਾਂ ਦੇ ਮਹੱਤਵਪੂਰਨ ਯੋਗਦਾਨ ਨਾਲ 50 ਓਵਰਾਂ ਵਿਚ 9 ਵਿਕਟਾਂ 'ਤੇ 251 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ਵਿਚ ਭਾਰਤ ਨੇ ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਅਤੇ ਕਪਤਾਨ ਮਿਤਾਲੀ ਦੇ ਅਰਧ ਸੈਂਕੜਿਆਂ ਨਾਲ 46 ਓਵਰਾਂ ਵਿਚ ਚਾਰ ਵਿਕਟਾਂ 'ਤੇ 255 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸਮ੍ਰਿਤੀ ਨੇ 9 ਚੌਕਿਆਂ ਦੀ ਮਦਦ ਨਾਲ 84 ਗੇਂਦਾਂ ਵਿਚ 71, ਹਰਮਨਪ੍ਰੀਤ ਕੌਰ ਨੇ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 66 ਗੇਂਦਾਂ ਵਿਚ 63 ਅਤੇ ਮਿਤਾਲੀ ਨੇ 6 ਚੌਕਿਆਂ ਦੇ ਦਮ 'ਤੇ 66 ਗੇਂਦਾਂ 'ਤੇ ਅਜੇਤੂ 57 ਦੌੜਾਂ ਬਣਾਈਆਂ।
ਇਸ ਦੌਰਾਨ ਨਿਊਜ਼ੀਲੈਂਡ ਦੇ ਲਈ ਅਮੇਲੀਆ ਕੇਰ ਨੇ 6 ਚੌਕਿਆਂ ਦੀ ਮਦਦ ਨਾਲ 75 ਗੇਂਦਾਂ 'ਤੇ 66, ਕਪਤਾਨ ਸੋਫੀ ਨੇ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 41 ਗੇਂਦਾਂ 'ਤੇ 34, ਜਦਕਿ ਲੌਰੇਨ ਡਾਉਨ ਅਤੇ ਹੇਲੇ ਜੇਨਸੇਨ ਨੇ 30-30 ਦੌੜਾਂ ਬਣਾਈਆਂ। ਇਸਦੇ ਨਾਲ ਹੀ ਗੇਂਦਬਾਜ਼ੀ ਵਿਚ ਹੇਲੇ ਜੋਨਸੇਨ, ਹੰਨਾ ਰੋਵੇ, ਫ੍ਰੈਨ ਜੋਨਸ ਅਤੇ ਅਮੇਲੀਆ ਕੇਰ ਨੇ ਇਕ-ਇਕ ਵਿਕਟ ਹਾਸਲ ਕੀਤਾ। ਭਾਰਤ ਦੇ ਲਈ ਰਾਜੇਸ਼ਵਰੀ ਗਾਇਕਵਾੜ, ਦੀਪਤੀ ਸ਼ਰਮਾ ਅਤੇ ਸਨੇਹ ਰਾਣਾ ਨੇ 2-2, ਜਦਕਿ ਮੇਘਨਾ ਸਿੰਘ ਅਤੇ ਪਨਮ ਯਾਦਵ ਨੇ 1-1 ਵਿਕਟ ਹਾਸਲ ਕੀਤਾ। ਸਮ੍ਰਿਤੀ ਮੰਧਾਨਾ ਨੂੰ 71 ਦੌੜਾਂ ਦੀ ਮੈਚ ਜੇਤੂ ਪਾਰੀ ਦੇ ਲਈ 'ਪਲੇਅਰ ਆਫ ਦਿ ਮੈਚ' ਅਤੇ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਨੂੰ ਪੂਰੀ ਸੀਰੀਜ਼ ਵਿਚ 353 ਦੌੜਾਂ ਬਣਾਉਣ ਅਤੇ 7 ਵਿਕਟਾਂ ਹਾਸਲ ਕਰਨ ਦੇ ਲਈ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।