WTC Final ਤੋਂ ਪਹਿਲਾਂ ਨਿਊਜ਼ੀਲੈਂਡ ਆਪਣੇ ਅਹਿਮ ਗੇਂਦਬਾਜ਼ਾਂ ਨੂੰ ਦੇਵੇਗਾ ਆਰਾਮ
Wednesday, Jun 09, 2021 - 11:55 AM (IST)
ਸਪੋਰਟਸ ਡੈਸਕ : ਨਿਊਜ਼ੀਲੈਂਡ 18 ਜੂਨ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਲਈ ਆਪਣੇ ਮੁੱਖ ਗੇਂਦਬਾਜ਼ਾਂ ਨੂੰ ਤਰੋਤਾਜ਼ਾ ਰੱਖਣ ਲਈ ਇੰਗਲੈਂਡ ਖ਼ਿਲਾਫ ਦੂਸਰੇ ਟੈਸਟ ਮੈਚ ’ਚ ਆਰਾਮ ਦੇਵੇਗਾ। ਨਿਊਜ਼ੀਲੈਂਡ ਆਪਣੇ ਕਪਤਾਨ ਕੇਨ ਵਿਲੀਅਮਸਨ ਦੀ ਸੱਟ ਤੋਂ ਪਹਿਲਾਂ ਹੀ ਚਿੰਤਿਤ ਹੈ, ਜਦਕਿ ਸਪਿਨਰ ਮਿਸ਼ੇਲ ਸੈਂਟਨਰ ਵੀ ਉਂਗਲੀ ਦੀ ਸੱਟ ਕਾਰਨ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਦੂਜੇ ਟੈਸਟ ਮੈਚ ’ਚੋਂ ਬਾਹਰ ਜਾਏਗਾ। ਵਿਲੀਅਮਸਨ ਕੂਹਣੀ ਦੀ ਸੱਟ ਤੋਂ ਪ੍ਰੇਸ਼ਾਨ ਹੈ।
ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਸੀਰੀਜ਼ ਦੇ ਆਖਰੀ ਮੈਚ ਲਈ ਉਪਲੱਬਧ ਹੋਵੇਗਾ ਅਤੇ ਨਿਊਜ਼ੀਲੈਂਡ ਹੋਰ ਅਹਿਮ ਗੇਂਦਬਾਜ਼ਾਂ ਟਿਮ ਸਾਊਥੀ, ਨੀਲ ਵੈਗਨਰ ਅਤੇ ਕਾਇਲ ਜੈਮੀਸਨ ਨੂੰ ਆਰਾਮ ਦੇ ਸਕਦਾ ਹੈ। ਇਨ੍ਹਾਂ ’ਚੋਂ ਦੋ ਗੇਂਦਬਾਜ਼ਾਂ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਦੂਜੇ ਮੈਚ ਤੋਂ ਪਹਿਲਾਂ ਕਿਹਾ, “ਉਹ (ਗੇਂਦਬਾਜ਼) ਸਾਰੇ ਚੰਗੀ ਸਥਿਤੀ ’ਚ ਚੰਗੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਅਗਲੇ ਮੈਚ ’ਚ ਖੇਡਣਗੇ।’’ ਤੇਜ਼ ਗੇਂਦਬਾਜ਼ੀ ਵਿਭਾਗ ’ਚ ਮੈਟ ਹੈਨਰੀ, ਡਗ ਬ੍ਰੈਸਵੈਲ ਅਤੇ ਜੈਕਬ ਟਫੀ ਨੂੰ ਮੌਕਾ ਮਿਲ ਸਕਦਾ ਹੈ।
ਸਟੀਡ ਨੇ ਕਿਹਾ, “ਡਬਲਯੂ. ਟੀ. ਸੀ. ਦੇ ਫਾਈਨਲ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਪ੍ਰਮੁੱਖ ਗੇਂਦਬਾਜ਼ ਤਰੋਤਾਜ਼ੇ ਅਤੇ ਭਾਰਤ ਖਿਲਾਫ ਪਹਿਲੀ ਗੇਂਦ ਤੋਂ ਆਪਣਾ ਕ੍ਰਿਸ਼ਮਾ ਦਿਖਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ, “ਅਸੀਂ ਇਥੇ 20 ਖਿਡਾਰੀਆਂ ਦੀ ਟੀਮ ਲੈ ਕੇ ਆਏ ਹਾਂ। ਸਾਡੇ ਬਹੁਤ ਸਾਰੇ ਖਿਡਾਰੀਆਂ ਨੂੰ ਟੈਸਟ ਕ੍ਰਿਕਟ ਦਾ ਤਜਰਬਾ ਹੈ। ਮੈਟ ਹੈਨਰੀ, ਡੇਰਿਲ ਮਿਸ਼ੇਲ, ਡਗ ਬ੍ਰੇਸਵੈੱਲ, ਅਜਾਜ਼ ਪਟੇਲ ਅਜਿਹੇ ਖਿਡਾਰੀ ਹਨ, ਜੋ ਪਿਛਲੇ ਸਮੇਂ ’ਚ ਟੈਸਟ ਖੇਡ ਚੁੱਕੇ ਹਨ।’’