ਸ਼੍ਰੀਲੰਕਾ ਜਿੱਤ ਤੋਂ 2 ਵਿਕਟਾਂ ਤੇ ਨਿਊਜ਼ੀਲੈਂਡ 68 ਦੌੜਾਂ ਦੂਰ

Monday, Sep 23, 2024 - 11:14 AM (IST)

ਗਾਲੇ (ਸ਼੍ਰੀਲੰਕਾ),  (ਭਾਸ਼ਾ)– ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਚਾਲੇ ਇੱਥੇ ਖੇਡੇ ਜਾ ਰਹੇ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਵਿਚ ਐਤਵਾਰ ਨੂੰ ਇੱਥੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਮੇਜ਼ਬਾਨ ਟੀਮ ਜਿੱਤ ਤੋਂ ਦੋ ਵਿਕਟਾਂ ਦੂਰ ਸੀ।

ਨਿਊਜ਼ੀਲੈਂਡ ਨੇ 275 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿਨ ਦੀ ਖੇਡ ਖਤਮ ਹੋਣ ਦੇ ਸਮੇਂ 8 ਵਿਕਟਾਂ ’ਤੇ 207 ਦੌੜਾਂ ਬਣਾਈਆਂ ਹਨ ਤੇ ਇਸ ਤਰ੍ਹਾਂ ਨਾਲ ਉਸ ਨੂੰ ਪੰਜਵੇਂ ਤੇ ਆਖਰੀ ਦਿਨ ਜਿੱਤ ਹਾਸਲ ਕਰਨ ਲਈ 68 ਦੌੜਾਂ ਬਣਾਉਣੀਆਂ ਪੈਣਗੀਆਂ।

ਪਿੱਚ ਤੋਂ ਸਪਿਨਰਾਂ ਨੂੰ ਮਦਦ ਮਿਲ ਰਹੀ ਹੈ ਤੇ ਅਜਿਹੇ ਵਿਚ ਕੀਵੀ ਟੀਮ ਲਈ ਟੀਚੇ ਤੱਕ ਪਹੁੰਚਣਾ ਆਸਾਨ ਨਹੀਂ ਹੋਵੇਗਾ। ਨਿਊਜ਼ੀਲੈਂਡ ਵੱਲੋਂ ਖੱਬੇ ਹੱਥ ਦਾ ਬੱਲੇਬਾਜ਼ ਰਚਿਨ ਰਵਿੰਦਰ ਹੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰ ਸਕਿਆ। ਉਹ ਅਜੇ 91 ਦੌੜਾਂ ਬਣਾ ਕੇ ਖੇਡ ਰਿਹਾ ਹੈ ਤੇ ਜੇਕਰ ਸੋਮਵਾਰ ਨੂੰ ਸੈਂਕੜਾ ਪੂਰਾ ਕਰ ਲੈਂਦਾ ਹੈ ਤਾਂ ਇਸ ਮੈਦਾਨ ’ਤੇ ਸੈਂਕੜਾ ਲਾਉਣ ਵਾਲਾ ਪਹਿਲਾ ਕੀਵੀ ਬੱਲੇਬਾਜ਼ ਬਣ ਜਾਵੇਗਾ।

ਸ਼੍ਰੀਲੰਕਾ ਵੱਲੋਂ ਰਮੇਸ਼ ਮੈਂਡਿਸ ਤੇ ਪ੍ਰਭਾਤ ਜੈਸੂਰੀਆ ਨੇ 3-3 ਵਿਕਟਾਂ ਲਈਆਂ ਹਨ। ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀ ਵਿਚ 305 ਤੇ ਦੂਜੀ ਪਾਰੀ ਵਿਚ 309 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 340 ਦੌੜਾਂ ਬਣਾ ਕੇ 35 ਦੌੜਾਂ ਦੀ ਬੜ੍ਹਤ ਹਾਸਲ ਕੀਤੀ।


Tarsem Singh

Content Editor

Related News