Tokyo Olympics : ਨੀਰਜ ਚੋਪੜਾ ਸ਼ਾਨਦਾਰ ਪ੍ਰਦਰਸ਼ਨ ਨਾਲ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਪੁੱਜੇ

Wednesday, Aug 04, 2021 - 08:23 AM (IST)

Tokyo Olympics : ਨੀਰਜ ਚੋਪੜਾ ਸ਼ਾਨਦਾਰ ਪ੍ਰਦਰਸ਼ਨ ਨਾਲ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਪੁੱਜੇ

ਸਪੋਰਟਸ ਡੈਸਕ– ਟੋਕੀਓ ਓਲੰਪਿਕਸ ’ਚ ਬੁੱਧਵਾਰ ਨੂੰ ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਕੁਆਲੀਫਾਇੰਗ ਰਾਊਂਡ ’ਚ ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਨੀਰਜ ਚੋਪੜਾ ਨੇ 86.65 ਮੀਟਰ ਦਾ ਸਕੋਰ ਕੀਤਾ ਤੇ ਫ਼ਾਈਨਲ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਹੋ ਗਏ। ਫਾਈਨਲ ’ਚ ਜਗ੍ਹਾ ਬਣਾਉਣ ਲਈ ਨੀਰਜ ਚੋਪੜਾ ਨੂੰ 83.50 ਮੀਟਰ ਦਾ ਸਕੋਰ ਹਾਸਲ ਕਰਨ ਦੀ ਜ਼ਰੂਰਤ ਸੀ। 
ਇਹ ਵੀ ਪੜ੍ਹੋ : ਟੋਕੀਓ ਓਲੰਪਿਕ : PV ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ

ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਦੀਆਂ ਤਮਗ਼ੇ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੋਨ ਤਮਗ਼ਾ ਜੇਤੂ ਚੋਪੜਾ ਨੇ ਫ਼ਾਈਨਲ ਲਈ ਕੁਆਲੀਫ਼ਾਈ ਕਰਨ ਦੇ ਬਾਅਦ ਬਾਕੀ ਦੋ ਕੋਸ਼ਿਸ਼ਾਂ ਨਹੀਂ ਕਰਨ ਦਾ ਫ਼ੈਸਲਾ ਕੀਤਾ ਹੈ। ਕੁਆਲੀਫਿਕੇਸ਼ਨ ’ਚ ਤਿੰਨ ਕੋਸ਼ਿਸ਼ਾਂ ਕਰਨ ਦਾ ਮੌਕਾ ਮਿਲਦਾ ਹੈ ਜਿਸ ’ਚ ਸਰਵਸ੍ਰੇਸ਼ਠ ਕੋਸ਼ਿਸ਼ ਨੂੰ ਗਿਣਿਆ ਜਾਂਦਾ ਹੈ। ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਚੋਪੜਾ ਗਰੁੱਪ ਏ ’ਚ 16 ਖਿਡਾਰੀਆਂ ਦਰਮਿਆਨ ਚੋਟੀ ’ਤੇ ਰਹੇ। ਉਨ੍ਹਾਂ ਦਾ ਨਿੱਜੀ ਤੇ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸਨ 88.07 ਮੀਟਰ ਹੈ ਜੋ ਉਨ੍ਹਾਂ ਨੇ ਮਾਰਚ 2021 ’ਚ ਪਟਿਆਲਾ ’ਚ ਇੰਡੀਅਨ ਗ੍ਰਾਂ ਪ੍ਰੀ 3 ’ਚ ਬਣਾਇਆ ਸੀ। 
ਇਹ ਵੀ ਪੜ੍ਹੋ : ਪੈਰਾ-ਤੈਰਾਕ ਮੁਕੁੰਦਨ ਨੂੰ ਟੋਕੀਓ ਪੈਰਾਲੰਪਿਕ ਲਈ ਮਿਲਿਆ ਦੋ-ਪੱਖੀ ਕੋਟਾ

ਗਰੁੱਪ ਏ ਤੋਂ ਰੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੇ ਤੇ ਟੋਕੀਓ ਖੇਡਾਂ ’ਚ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਜਰਮਨੀ ਦੇ ਯੋਹਾਨੇਸ ਵੇਟੇਰ (85.65 ਮੀਟਰ) ਤੇ ਫਿਨਲੈਂਡ ਦੇ ਲੇਸੀ ਐਟਲੇਟਾਲੋ (84.50 ਮੀਟਰ) ਵੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਦੁਨੀਆ ਦੇ ਨੰਬਰ ਇਕ ਖਿਡਾਰੀ ਵੇਟੇਰ ਨੇ ਆਪਣੀ ਤੀਜੀ ਤੇ ਲੇਸੀ ਨੇ ਪਹਿਲੀ ਹੀ ਕੋਸ਼ਿਸ਼ ’ਚ ਫ਼ਾਈਨਲ ਲਈ ਜਗ੍ਹਾ ਬਣਾਈ। ਐਟਲੇਟਾਲੋ ਦੀ ਇਹ ਕੋਸ਼ਿਸ਼ ਉਨ੍ਹਾਂ ਦਾ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News