ਮਾਂ ਦੀ ਮਿਹਨਤ, ਗੁਰੂ ਦੀ ਲਗਨ ਅਤੇ ਕੁਲਦੀਪ ਯਾਦਵ ਦੀ ਪ੍ਰੇਰਨਾ ਨੇ ਅਰਚਨਾ ਦੇ ਸੁਫ਼ਨਿਆਂ ਨੂੰ ਲਾਏ ਖੰਭ
Monday, Jan 30, 2023 - 02:21 PM (IST)
ਲਖਨਊ (ਭਾਸ਼ਾ)- 4 ਸਾਲ ਦੀ ਉਮਰ ਵਿਚ ਆਪਣੇ ਪਿਤਾ ਨੂੰ ਗੁਆ ਚੁੱਕੀ ਅਰਚਨਾ ਦੇਵੀ ਨੇ ਆਪਣੀ ਮਾਂ ਦੀ ਸਖ਼ਤ ਮਿਹਨਤ ਅਤੇ ਗੁਰੂ ਦੀ ਲਗਨ ਨਾਲ ਆਪਣੇ ਕ੍ਰਿਕਟ ਦੇ ਸ਼ੌਕ ਨੂੰ ਜ਼ਿੰਦਾ ਰੱਖਿਆ ਅਤੇ ਉਸ ਨੂੰ ਪਰਵਾਨ ਚੜ੍ਹਾਇਆ ਭਾਰਤੀ ਕ੍ਰਿਕਟਰ ਕੁਲਦੀਪ ਯਾਦਵ ਦੇ ਸਹਿਯੋਗ ਨੇ। ਅਰਚਨਾ ਦੇਵੀ ਨਿਸ਼ਾਦ ਪਹਿਲਾ ਅੰਡਰ-19 ਮਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੀ ਮੈਂਬਰ ਹੈ। ਅਰਚਨਾ ਦੇਵੀ ਨੇ ਦੱਖਣੀ ਅਫਰੀਕਾ ਵਿੱਚ ਇੰਗਲੈਂਡ ਖ਼ਿਲਾਫ਼ ਅੰਡਰ-19 ਮਹਿਲਾ ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿੱਚ 3 ਓਵਰਾਂ ਵਿੱਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਨ੍ਹਾਂ ਦੀ ਸਫ਼ਲਤਾ ਦੇ ਪਿੱਛੇ ਕੁਰਬਾਨੀਆਂ ਦਾ ਲੰਬੀ ਸਿਲਸਿਲਾ ਹੈ, ਜਿਸ ਦੀ ਸ਼ੁਰੂਆਤ ਉਨਾਵ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਤੂੜੀ ਦੇ ਬਣੇ ਘਰ ਤੋਂ ਹੋਈ।
ਇਹ ਵੀ ਪੜ੍ਹੋ: KL ਰਾਹੁਲ-ਆਥੀਆ ਸੰਗੀਤ ਸਮਾਰੋਹ: ਡਾਂਸ ਕਰਦਾ ਨਜ਼ਰ ਆਇਆ ਜੋੜਾ, ਸੁਨੀਲ ਸ਼ੈੱਟੀ ਨੇ ਵੀ ਲਾਏ ਠੁਮਕੇ
ਜਦੋਂ ਅਰਚਨਾ ਸਿਰਫ ਚਾਰ ਸਾਲ ਦੀ ਸੀ ਤਾਂ ਮਾਂ ਸਾਵਿਤਰੀ ਦੇਵੀ ਨੇ ਕੈਂਸਰ ਕਾਰਨ ਆਪਣੇ ਪਤੀ ਨੂੰ ਗੁਆ ਦਿੱਤਾ। ਅਜਿਹੇ 'ਚ ਉਸ ਲਈ ਆਪਣੀ ਧੀ ਦੇ ਸੁਫ਼ਨਿਆਂ ਨੂੰ ਸਾਕਾਰ ਕਰਨਾ ਆਸਾਨ ਨਹੀਂ ਸੀ। ਉਹ ਕ੍ਰਿਕਟ ਬਾਰੇ ਕੁਝ ਨਹੀਂ ਜਾਣਦੀ ਪਰ ਆਪਣੀ ਧੀ ਦੀ ਉਪਲੱਬਧੀ 'ਤੇ ਮਾਣ ਹੈ। ਸਾਵਿਤਰੀ ਨੇ ਕਿਹਾ, ''ਮੈਨੂੰ ਕ੍ਰਿਕਟ ਬਾਰੇ ਜ਼ਿਆਦਾ ਨਹੀਂ ਪਤਾ ਪਰ ਮੈਂ ਆਪਣੀ ਧੀ ਨੂੰ ਮੈਦਾਨ 'ਤੇ ਖੇਡਦੇ ਦੇਖ ਕੇ ਬਹੁਤ ਖੁਸ਼ ਹਾਂ। ਬੀਤੀ ਰਾਤ ਉਸ ਨੇ ਫ਼ੋਨ 'ਤੇ ਗੱਲ ਕਰਦਿਆਂ ਕਿਹਾ ਸੀ ਕਿ ਅੰਮਾ ਅਸੀਂ ਜਿੱਤ ਗਏ ਹਾਂ। ਉਦੋਂ ਤੋਂ ਮਨ ਬਹੁਤ ਖੁਸ਼ ਹੈ, ਕਾਸ਼ ਉਸ ਦਾ ਬਾਪੂ ਵੀ ਇਸ ਖੁਸ਼ੀ ਵਿੱਚ ਸ਼ਾਮਿਲ ਹੁੰਦਾ।' ਉਸ ਨੇ ਕਿਹਾ ਉਹ ਬੀਤੀ ਰਾਤ ਤੋਂ ਹੀ ਪਿੰਡ ਵਿੱਚ ਲੱਡੂ ਵੰਡ ਰਹੀ ਹੈ ਅਤੇ ਧੀ ਦੇ ਵਾਪਸ ਆਉਣ 'ਤੇ ਹੋਰ ਲੱਡੂ ਵੰਡੀਗੀ। ਅਰਚਨਾ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਡਰ ਸੀ ਕਿ ਬਿਜਲੀ ਦੇ ਵਾਰ-ਵਾਰ ਕੱਟ ਲੱਗਣ ਕਾਰਨ ਉਹ ਫਾਈਨਲ ਮੈਚ ਨਹੀਂ ਦੇਖ ਸਕਣਗੇ, ਪਰ ਜਦੋਂ ਸਥਾਨਕ ਪੁਲਸ ਅਧਿਕਾਰੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਉਨ੍ਹਾਂ ਦੇ ਘਰ ਇਨਵਰਟਰ ਅਤੇ ਬੈਟਰੀ ਭੇਜੀ ਅਤੇ ਪੂਰੇ ਪਿੰਡ ਨੇ ਇਕੱਠੇ ਟੀਵੀ 'ਤੇ ਮੈਚ ਦੇਖਿਆ। ਕੁਲਦੀਪ ਅਤੇ ਅਰਚਨਾ ਦੇ ਕੋਚ ਕਪਿਲ ਪਾਂਡੇ ਨੇ ਕਿਹਾ, "ਮੈਚ ਜਿੱਤਣ ਤੋਂ ਬਾਅਦ ਐਤਵਾਰ ਰਾਤ ਅਰਚਨਾ ਨਾਲ ਗੱਲਬਾਤ ਹੋਈ ਸੀ, ਜੋ ਆਪਣੀ ਜਿੱਤ ਤੋਂ ਬਹੁਤ ਖੁਸ਼ ਸੀ ਅਤੇ ਹੁਣ ਉਸ ਦਾ ਸੁਫ਼ਨਾ ਟੀਮ ਇੰਡੀਆ ਲਈ ਖੇਡਣਾ ਹੈ।"
ਰਾਜਧਾਨੀ ਲਖਨਊ ਤੋਂ ਕਰੀਬ 100 ਕਿਲੋਮੀਟਰ ਦੂਰ ਉਨਾਵ ਦੀ ਬੰਗਾਰਮਾਊ ਤਹਿਸੀਲ ਖੇਤਰ ਦੇ ਗੰਗਾ ਕਤਰੀ ਦੇ ਰਤਾਈ ਪੁਰਵਾ ਪਿੰਡ 'ਚ ਭਾਰਤ ਦੀ ਜਿੱਤ ਤੋਂ ਬਾਅਦ ਖੁਸ਼ੀ ਦਾ ਮਾਹੌਲ ਹੈ। ਮੈਚ ਖ਼ਤਮ ਹੋਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਗੀਤ ਗਾ ਕੇ ਅਤੇ ਨੱਚ ਕੇ ਖੁਸ਼ੀ ਮਨਾਈ। ਛੇਵੀਂ ਜਮਾਤ ਵਿੱਚ ਅਰਚਨਾ ਦਾ ਦਾਖ਼ਲਾ ਗੰਜਮੁਰਾਦਾਬਾਦ ਦੇ ਕਸਤੂਰਬਾ ਗਾਂਧੀ ਰਿਹਾਇਸ਼ੀ ਸਕੂਲ ਵਿੱਚ ਕਰਵਾਇਆ ਗਿਆ, ਜਿੱਥੇ ਅਧਿਆਪਕਾ ਪੂਨਮ ਗੁਪਤਾ ਨੇ ਉਸ ਦੀ ਖੇਡ ਪ੍ਰਤਿਭਾ ਨੂੰ ਪਛਾਣਿਆ। ਅੱਠਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੂਨਮ ਉਸ ਨੂੰ ਕਾਨਪੁਰ ਦੇ ਪਾਂਡੇ ਕੋਲ ਲੈ ਗਈ। ਪਾਂਡੇ ਨੇ ਕਿਹਾ, ''ਜਦੋਂ 2017 'ਚ ਅਰਚਨਾ ਮੇਰੇ ਕੋਲ ਆਈ ਤਾਂ ਮੈਂ ਉਸ ਤੋਂ ਗੇਂਦਬਾਜ਼ੀ ਕਰਾਈ ਤਾਂ ਮੈਨੂੰ ਉਸ ਦੇ ਅੰਦਰ ਲੁਕੀ ਪ੍ਰਤਿਭਾ ਬਾਰੇ ਪਤਾ ਲੱਗਾ। ਉਸਦਾ ਪਿੰਡ ਕਾਨਪੁਰ ਤੋਂ ਲਗਭਗ 30 ਕਿਲੋਮੀਟਰ ਦੂਰ ਸੀ ਅਤੇ ਉਹ ਹਰ ਰੋਜ਼ ਨਹੀਂ ਆ-ਜਾ ਸਕਦੀ ਸੀ।” ਪਾਂਡੇ ਨੇ ਪੂਨਮ ਅਤੇ ਕੁਝ ਹੋਰਾਂ ਦੀ ਮਦਦ ਨਾਲ ਉਸਨੂੰ ਕਾਨਪੁਰ ਦੀ ਜੇਕੇ ਕਾਲੋਨੀ ਵਿੱਚ ਕਿਰਾਏ 'ਤੇ ਇੱਕ ਕਮਰਾ ਦਿਵਾਇਆ ਅਤੇ ਉਸਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਕੁਲਦੀਪ ਨੇ ਉਸ ਨੂੰ ਕ੍ਰਿਕਟ ਕਿੱਟ ਦਿੱਤੀ। ਪਾਂਡੇ ਨੇ ਕਿਹਾ ਕਿ ਜਦੋਂ ਕੁਲਦੀਪ ਕਾਨਪੁਰ ਵਿੱਚ ਹੁੰਦੇ ਤਾਂ ਉਹ ਅਰਚਨਾ ਸਮੇਤ ਹੋਰ ਬੱਚਿਆਂ ਨਾਲ ਅਭਿਆਸ ਕਰਦੇ ਅਤੇ ਉਨ੍ਹਾਂ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਂਦੇ। ਪਹਿਲਾਂ ਅਰਚਨਾ ਮੀਡੀਅਮ ਪੇਸ ਗੇਂਦਬਾਜ਼ੀ ਕਰਦੀ ਸੀ ਪਰ ਬਾਅਦ ਵਿੱਚ ਮੈਂ ਉਸ ਨੂੰ ਆਫ ਸਪਿਨ ਗੇਂਦਬਾਜ਼ੀ ਕਰਨ ਲਈ ਕਿਹਾ ਅਤੇ ਫਿਰ ਉਹ ਇੱਕ ਚੰਗੀ ਆਫ ਸਪਿਨਰ ਬਣ ਗਈ।
ਇਹ ਵੀ ਪੜ੍ਹੋ: ਪਾਕਿ 'ਚ ਸੈਰ-ਸਪਾਟੇ 'ਤੇ ਗਏ ਬੱਚਿਆਂ ਨਾਲ ਵਾਪਰਿਆ ਭਾਣਾ, ਕਿਸ਼ਤੀ ਪਲਟਣ ਕਾਰਨ 17 ਵਿਦਿਆਰਥੀਆਂ ਦੀ ਮੌਤ