ਮੇਸੀ ਦਾ 86ਵੇਂ ਮਿੰਟ ''ਚ ਧਮਾਕੇਦਾਰ ਗੋਲ, ਬਾਰਸੀਲੋਨਾ ਜਿੱਤਿਆ

12/02/2019 11:25:04 PM

ਮੈਡ੍ਰਿਡ- ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ 'ਚ ਲਿਓਨ ਮੇਸੀ ਵੱਲੋਂ ਆਖ਼ਰੀ ਸਮੇਂ 'ਚ ਕੀਤੇ ਗਏ ਇਕਲੌਤੇ ਗੋਲ ਦੀ ਬਦੌਲਤ ਬਾਰਸੀਲੋਨਾ ਨੇ ਐਟਲੈਟਿਕੋ ਮੈਡ੍ਰਿਡ ਨੂੰ 1-0 ਨਾਲ ਹਰਾ ਦਿੱਤਾ ਤੇ ਖਿਤਾਬ ਜਿੱਤਣ ਦੀ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਬਣਾਇਆ। ਕਰੀਬ 67000 ਦਰਸ਼ਕਾਂ ਦੀ ਮੌਜੂਦਗੀ 'ਚ ਐਟਲੈਟਿਕੋ ਮੈਡ੍ਰਿਡ ਦੇ ਘਰੇਲੂ ਮੈਦਾਨ ਵਾਂਡਾ ਮੈਟ੍ਰੋਪੋਲਿਟਾਨੋ 'ਚ ਐਤਵਾਰ ਦੇਰ ਰਾਤ ਖੇਡਿਆ ਗਿਆ ਇਹ ਮੁਕਾਬਲਾ ਡਰਾਅ ਵਲ ਵਧ ਰਿਹਾ ਸੀ ਪਰ ਮੇਸੀ ਨੇ 86ਵੇਂ ਮਿੰਟ 'ਚ ਗੋਲ ਕਰ ਕੇ ਬਾਰਸੀਲੋਨਾ ਨੂੰ ਰੋਚਕ ਜਿੱਤ ਦਿਵਾਈ। ਇਸ ਗੋਲ ਦੌਰਾਨ ਮੇਸੀ ਤੇ ਉਨ੍ਹਾਂ ਦੇ ਸਾਥੀ ਲੁਇਸ ਸੁਆਰੇਜ ਵਿਚਾਲੇ ਚੰਗਾ ਤਾਲਮੇਲ ਦੇਖਣ ਨੂੰ ਮਿਲਿਆ। ਇਸ ਜਿੱਤ ਨਾਲ ਬਾਰਸੀਲੋਨਾ ਨੇ ਅੰਕ ਸੂਚੀ 'ਚ 31 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕਰ ਲਿਆ। ਰੀਅਲ ਮੈਡ੍ਰਿਡ ਦੇ ਵੀ ਬਾਰਸੀਲੋਨਾ ਦੇ ਬਰਾਬਰ ਅੰਕ ਹਨ ਪਰ ਗੋਲ ਦੇ ਫਰਕ ਵਿਚ ਬਾਰਸੀਲੋਨਾ ਸਿਖਰ 'ਤੇ ਹੈ। ਉਥੇ ਐਟਲੈਟਿਕੋ ਮੈਡ੍ਰਿਡ (25 ਅੰਕ) ਸਿਖਰ 'ਤੇ ਕਾਬਜ਼ ਬਾਰਸੀਲੋਨਾ ਤੇ ਰੀਅਲ ਨਾਲੋਂ ਛੇ ਅੰਕ ਪਿਛੜ ਕੇ 6ਵੇਂ ਸਥਾਨ 'ਤੇ ਆ ਗਿਆ। ਸੈਸ਼ਨ ਦੇ ਪਹਿਲੇ ਐੱਲ ਕਲਾਸਿਕੋ 'ਚ ਬਾਰਸੀਲੋਨਾ ਤੇ ਰੀਅਲ ਦੀ 18 ਦਸੰਬਰ ਨੂੰ ਕੈਂਪ ਨਾਊ 'ਚ ਭੇੜ ਹੋਣੀ ਹੈ ਤੇ ਜਿੱਤ ਨਾਲ ਬਾਰਸੀਲੋਨਾ ਦੀਆਂ ਉਮੀਦਾਂ ਨੂੰ ਮਜ਼ਬੂਤੀ ਮਿਲੇਗੀ। ਬਾਰਸੀਲੋਨਾ ਨੇ ਆਪਣੀ ਸ਼ੁਰੂਆਤੀ ਲਾਈਨਅਪ 'ਚ ਐਟਲੈਟਿਕੋ ਮੈਡ੍ਰਿਡ ਦੇ ਸਾਬਕਾ ਸਟ੍ਰਾਈਕਰ ਐਂਟੋਨੀ ਗ੍ਰੀਜਮੈਨ ਨੂੰ ਜਗ੍ਹਾ ਦਿੱਤੀ ਜੋ ਇਸ ਸੈਸ਼ਨ ਦੀ ਸ਼ੁਰੂਆਤ 'ਚ ਸਪੈਨਿਸ਼ ਚੈਂਪੀਅਨ ਨਾਲ ਜੁੜੇ ਸਨ। ਹਾਲਾਂਕਿ ਮੁਕਾਬਲੇ ਦੀ ਖਿੱਚ ਮੇਸੀ ਹੀ ਰਹੇ ਜਿਨ੍ਹਾਂ ਨੇ ਇਸ ਸੈਸ਼ਨ ਦਾ ਕੁਲ 12ਵਾਂ ਤੇ ਪਿਛਲੇ 5 ਮੁਕਾਬਲਿਆਂ 'ਚ 6ਵਾਂ ਗੋਲ ਕੀਤਾ। ਲਾ ਲੀਗਾ 'ਚ ਵਾਂਡਾ ਮੈਟ੍ਰੋਪੋਲਿਟਾਨੋ 'ਚ ਇਹ ਮੇਸੀ ਦਾ ਪਹਿਲਾ ਗੋਲ ਸੀ ਜਿਸ ਦੀ ਬਦੌਲਤ ਉਨ੍ਹਾਂ ਨੇ ਸਪੈਨਿਸ਼ ਲੀਗ 'ਚ ਐਟਲੈਟਿਕੋ ਖ਼ਿਲਾਫ਼ 27 ਮੁਕਾਬਲਿਆਂ 'ਚ 25 ਗੋਲ ਪੂਰੇ ਕੀਤੇ। ਐਟਲੈਟਿਕੋ ਖ਼ਿਲਾਫ਼ ਜਿੱਤ ਦਿਵਾਉਣ 'ਚ ਬਾਰਸੀਲੋਨਾ ਦੇ ਗੋਲੀਕੀਪਰ ਮਾਰਕ ਆਂਦ੍ਰੇ ਟੇਰ ਸਟੇਗਨ ਦੀ ਵੀ ਅਹਿਮ ਭੂਮਿਕ ਰਹੀ ਜਿਨ੍ਹਾਂ ਨੇ ਦੋ ਸ਼ਾਨਦਾਰ ਬਚਾਅ ਕੀਤੇ।


Gurdeep Singh

Content Editor

Related News