ਜਡੇਜਾ ਕਾਰਨ ਟੁੱਟੀ ਮੇਰੀ ਤੇ ਕੁਲਦੀਪ ਦੀ ਜੋੜੀ : ਚਾਹਲ
Friday, May 21, 2021 - 03:31 PM (IST)

ਸਪੋਰਟਸ ਡੈਸਕ : ਭਾਰਤੀ ਸਪਿਨਰ ਜੋੜੀ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਆਖਰੀ ਵਾਰੀ ਸਾਲ 2019 ’ਚ ਇਕੱਠੇ ਦਿਖਾਈ ਦਿੱਤੇ ਸਨ। ਇੰਗਲੈਂਡ ਖਿਲਾਫ 2019 ਵਰਲਡ ਕੱਪ ਦੌਰਾਨ ‘ਕੁਲਚਾ’ ਦੀ ਜੋੜੀ ਨਜ਼ਰ ਆਈ ਸੀ। ਇਸ ਦੌਰਾਨ ਚਹਿਲ ਨੂੰ 10 ਓਵਰਾਂ ’ਚ 88 ਦੌੜਾਂ, ਜਦਕਿ ਕੁਲਦੀਪ ਨੂੰ 72 ਦੌੜਾਂ ਪਈਆਂ ਸਨ। ਹਾਲਾਂਕਿ ਦੋਵਾਂ ਨੂੰ ਇਸ ਤੋਂ ਬਾਅਦ ਭਾਰਤ ਵੱਲੋਂ ਖੇਡਣ ਦਾ ਮੌਕਾ ਜ਼ਰੂਰ ਮਿਲਿਆ ਪਰ ਕਦੀ ਇਕੱਠੇ ਦਿਖਾਈ ਨਹੀਂ ਦਿੱਤੇ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਚਹਿਲ ਨੇ ਦੱਸਿਆ ਕਿ ਰਵਿੰਦਰ ਜਡੇਜਾ ਦੇ ਸਪਿਨਰ ਆਲਰਾਊਂਡਰ ਹੋਣ ਕਾਰਨ ਕੁਲਦੀਪ ਤੇ ਉਨ੍ਹਾਂ ਨੂੰ ਇਕੱਠੇ ਖੇਡਣ ਦਾ ਮੌਕਾ ਨਹੀਂ ਮਿਲਦਾ।
ਇਸ 30 ਸਾਲਾ ਸਪਿਨਰ ਨੇ ਮੀਡੀਆ ਹਾਊਸ ਨਾ ਗੱਲਬਾਤ ਦੌਰਾਨ ਕਿਹਾ, ਟੀਮ ਦਾ ਸੰਯੋਜਨ ਇਕੱਠੇ ਖੇਡਣ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸੀਮਤ ਓਵਰਾਂ ਦੀ ਟੀਮ ’ਚ ਰਵਿੰਦਰ ਜਡੇਜਾ ਦੀ ਵਾਪਸੀ ਨਾਲ ਪਲੇਇੰਗ ਇਲੈਵਨ ’ਚ ਫੇਰਬਦਲ ਹੋਇਆ। ਚਹਿਲ ਨੇ ਦੱਸਿਆ ਕਿ ਕੁਲਦੀਪ ਅਤੇ ਮੈਂ ਪਲੇਇੰਗ ਇਲੈਵਨ ’ਚ ਇਕੱਠੇ ਸਨ, ਜਦੋਂ ਹਾਰਦਿਕ ਪੰਡਯਾ ਤੇਜ਼ ਗੇਂਦਬਾਜ਼ੀ ਆਲਰਾਊਂਡਰ ਸੀ। ਉਸ ਦੀ ਪਿੱਠ ਦੀ ਸੱਟ ਨੇ ਸਪਿਨ ਗੇਂਦਬਾਜ਼ੀ ਆਲਰਾਊਂਡਰ ਰਵਿੰਦਰ ਜਡੇਜਾ ਦੀ ਵਾਪਸੀ ਦਾ ਰਾਹ ਪੱਧਰਾ ਕੀਤਾ।
ਆਗਾਮੀ ਸ਼੍ਰੀਲੰਕਾ ਦੌਰੇ ਲਈ ਤਿਆਰ ਯੁਜਵੇਂਦਰ ਚਹਿਲ ਨੇ ਕਿਹਾ ਕਿ ਜਦੋਂ ਤਕ ਟੀਮ ਇੰਡੀਆ ਜਿੱਤ ਰਹੀ ਸੀ, ਉਦੋਂ ਤਕ ਉਹ ਹਨ, ਜਦੋਂ ਕੁਲਦੀਪ ਯਾਦਵ ਤੇ ਮੈਂ ਖੇਡਦੇ ਸਨ ਤਾਂ ਹਾਰਦਿਕ ਪੰਡਯਾ ਵੀ ਸਨ ਤੇ ਉਹ ਗੇਂਦਬਾਜ਼ੀ ਕਰਦੇ ਸਨ। 2018 ’ਚ ਹਾਰਦਿਕ ਪੰਡਯਾ ਜ਼ਖਮੀ ਹੋ ਗਏ ਤੇ ਰਵਿੰਦਰ ਜਡੇਜਾ ਨੇ ਇਕ ਆਲਰਾਊਂਡਰ ਦੇ ਤੌਰ ’ਤੇ (ਸਫੈਦ ਗੇਂਦ ਵਾਲੀ ਕ੍ਰਿਕਟ ’ਚ ) ਵਾਪਸੀ ਕੀਤੀ, ਜੋ 7 ਨੰਬਰ ’ਤੇ ਬੱਲੇਬਾਜ਼ੀ ਵੀ ਕਰ ਸਕਦੇ ਸਨ। ਬਦਕਿਸਮਤੀ ਨਾਲ ਉਹ ਇਕ ਸਪਿਨਰ ਹਨ। ਜੇ ਉਹ ਮੱਧਗਤੀ ਤੇਜ਼ ਗੇਂਦਬਾਜ਼ ਹੁੰਦਾ ਤਾਂ ਅਸੀਂ ਇਕੱਠੇ ਖੇਡ ਸਕਦੇ ਸੀ। ਇਹ ਟੀਮ ਦੀ ਮੰਗ ਸੀ।
ਕੁਲਦੀਪ ਤੇ ਮੇਰੇ ’ਚੋਂ ਕੋਈ ਸੀਰੀਜ਼ ਦੇ 5 ਮੈਚਾਂ ’ਚੋਂ 3 ਖੇਡਦਾ ਤਾਂ ਕਿਸੇ ’ਚ ਮੈਨੂੰ ਮੌਕਾ ਮਿਲਦਾ। ਟੀਮ ਸੰਯੋਜਨ ਦੀ ਜ਼ਰੂਰਤ ਹੈ, 11 ਖਿਡਾਰੀ ਇਕ ਟੀਮ ਬਣਾਉਂਦੇ ਹਨ ਤੇ ਕੁਲਚਾ ਨਹੀਂ ਬਣਾ ਰਹੇ ਸਨ। ਹਾਰਦਿਕ ਦੇ ਹੋਣ ਤਕ ਅਸੀਂ ਉਥੇ ਸੀ, ਸਾਨੂੰ ਵੀ ਮੌਕੇ ਦਿੱਤੇ ਗਏ। ਟੀਮ ਦੀ ਜ਼ਰੂਰਤ 7ਵੇਂ ਨੰਬਰ ’ਤੇ ਇਕ ਆਲਰਾਊਂਡਰ ਨੂੰ ਰੱਖਣ ਦੀ ਸੀ। ਭਾਵੇਂ ਹੀ ਮੈਂ ਨਹੀਂ ਖੇਡ ਰਿਹਾਂ ਹਾਂ ਪਰ ਮੈਂ ਖੁਸ਼ ਹਾਂ ਕਿ ਟੀਮ ਜਿੱਤ ਰਹੀ ਹੈ।
ਜ਼ਿਕਰਯੋਗ ਹੈ ਕਿ ਚਾਹਲ ਹਾਲ ਹੀ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਆਈ. ਪੀ. ਐੱਲ. 2021 ’ਚ ਖੇਡਦੇ ਨਜ਼ਰ ਆਏ ਸਨ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਉਹ ਕੁਝ ਖਾਸ ਪ੍ਰਭਾਵ ਨਹੀਂ ਛੱਡ ਸਕਿਆ ਤੇ 7 ਮੈਚਾਂ ’ਚ ਸਿਰਫ 4 ਵਿਕਟਾਂ ਹੀ ਆਪਣੇ ਨਾਂ ਕਰ ਸਕਿਆ ਹੈ।