ਫਰੈਂਚ ਓਪਨ ''ਚ ਰਚਿਆ ਇਤਿਹਾਸ: ਫਾਈਨਲ ''ਚ ਪਹੁੰਚਣ ਵਾਲੀ ਪਹਿਲੀ ''ਕੁਆਲੀਫਾਇਰ'' ਬਣੀ ਮਾਜਾ ਖਵਾਲਿੰਸਕਾ
Friday, Jun 05, 2026 - 01:16 PM (IST)
ਸਪੋਰਟਸ ਡੈਸਕ : ਫਰੈਂਚ ਓਪਨ 2026 ਵਿੱਚ ਪੋਲੈਂਡ ਦੀ 24 ਸਾਲਾ ਟੈਨਿਸ ਸਟਾਰ ਮਾਜਾ ਖਵਾਲਿੰਸਕਾ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਖਵਾਲਿੰਸਕਾ ਇਸ ਗ੍ਰੈਂਡ ਸਲੈਮ ਦੇ ਇਤਿਹਾਸ ਵਿੱਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਪਹਿਲੀ 'ਕੁਆਲੀਫਾਇਰ' ਖਿਡਾਰਨ ਬਣ ਗਈ ਹੈ। ਇਸ ਦਾ ਮਤਲਬ ਹੈ ਕਿ ਉਸਨੇ ਪਹਿਲਾਂ ਕੁਆਲੀਫਾਇੰਗ ਮੈਚ ਖੇਡ ਕੇ ਮੁੱਖ ਟੂਰਨਾਮੈਂਟ ਵਿੱਚ ਜਗ੍ਹਾ ਬਣਾਈ ਅਤੇ ਹੁਣ ਉਹ ਖ਼ਿਤਾਬੀ ਮੁਕਾਬਲੇ ਵਿੱਚ ਨਜ਼ਰ ਆਵੇਗੀ।
ਓਪਨ ਏਰਾ ਦੇ ਇਤਿਹਾਸ ਵਿੱਚ ਮਾਜਾ ਕਿਸੇ ਗ੍ਰੈਂਡ ਸਲੈਮ ਦੇ ਸਿੰਗਲਜ਼ ਫਾਈਨਲ ਵਿੱਚ ਪਹੁੰਚਣ ਵਾਲੀ ਸਿਰਫ਼ ਦੂਜੀ ਮਹਿਲਾ ਕੁਆਲੀਫਾਇਰ ਹੈ। ਉਸ ਤੋਂ ਪਹਿਲਾਂ ਸਾਲ 2021 ਵਿੱਚ ਏਮਾ ਰਾਡੁਕਾਨੂ ਨੇ ਯੂਐਸ ਓਪਨ ਦੌਰਾਨ ਇਹ ਕਾਰਨਾਮਾ ਕੀਤਾ ਸੀ। ਖਖਵਾਲਿੰਸਕਾ ਨੇ ਸੈਮੀਫਾਈਨਲ ਵਿੱਚ ਰੂਸ ਦੀ ਡਾਇਨਾ ਸ਼ਨਾਈਡਰ ਨੂੰ ਹਰਾ ਕੇ ਫਾਈਨਲ ਦੀ ਟਿਕਟ ਪੱਕੀ ਕੀਤੀ ਹੈ। ਹੁਣ ਫਾਈਨਲ ਵਿੱਚ ਉਸਦਾ ਮੁਕਾਬਲਾ ਟੀਨਏਜ ਸਨਸਨੀ ਮੀਰਾ ਐਂਡਰੀਵਾ ਨਾਲ ਹੋਵੇਗਾ, ਜਿਸਨੇ ਯੂਕਰੇਨ ਦੀ ਮਾਰਟਾ ਕੋਸਟਿਊਕ ਨੂੰ ਹਰਾ ਕੇ ਪਹਿਲੀ ਵਾਰ ਗ੍ਰੈਂਡ ਸਲੈਮ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।
ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਖਵਾਲਿੰਸਕਾ ਦੀ ਰੈਂਕਿੰਗ ਵਿੱਚ ਵੀ ਵੱਡਾ ਉਛਾਲ ਆਉਣ ਦੀ ਉਮੀਦ ਹੈ। ਫਰੈਂਚ ਓਪਨ ਸ਼ੁਰੂ ਹੋਣ ਤੋਂ ਪਹਿਲਾਂ ਉਹ ਵਿਸ਼ਵ ਰੈਂਕਿੰਗ ਵਿੱਚ 114ਵੇਂ ਸਥਾਨ 'ਤੇ ਸੀ। ਜੇਕਰ ਉਹ ਫਾਈਨਲ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਉਹ 100 ਪੌੜੀਆਂ ਦੀ ਲੰਬੀ ਛਲਾਂਗ ਲਗਾ ਕੇ ਸਿੱਧੀ 14ਵੇਂ ਨੰਬਰ 'ਤੇ ਪਹੁੰਚ ਜਾਵੇਗੀ। ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਇਸ ਇਤਿਹਾਸਕ ਫਾਈਨਲ 'ਤੇ ਟਿਕੀਆਂ ਹੋਈਆਂ ਹਨ।
