ਆਸਟ੍ਰੇਲੀਅਨ ਓਪਨ ਚੈਂਪੀਅਨ ਮੈਡੀਸਨ ਕੀਜ਼ ਵਿਸ਼ਵ ਰੈਂਕਿੰਗ ਵਿੱਚ ਸਿਖਰਲੇ 10 ਵਿੱਚ ਹੋਈ ਸ਼ਾਮਲ

Monday, Jan 27, 2025 - 03:45 PM (IST)

ਆਸਟ੍ਰੇਲੀਅਨ ਓਪਨ ਚੈਂਪੀਅਨ ਮੈਡੀਸਨ ਕੀਜ਼ ਵਿਸ਼ਵ ਰੈਂਕਿੰਗ ਵਿੱਚ ਸਿਖਰਲੇ 10 ਵਿੱਚ ਹੋਈ ਸ਼ਾਮਲ

ਮੈਲਬੌਰਨ- ਆਸਟ੍ਰੇਲੀਅਨ ਓਪਨ ਮਹਿਲਾ ਸਿੰਗਲਜ਼ ਚੈਂਪੀਅਨ ਮੈਡੀਸਨ ਕੀਜ਼ ਨੇ ਸੋਮਵਾਰ ਨੂੰ ਜਾਰੀ  ਚੋਟੀ ਡਬਲਯੂਟੀਏ ਵਿਸ਼ਵ ਰੈਂਕਿੰਗ ਵਿੱਚ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰਦੇ ਹੋਏ ਮੁੜ ਤੋਂ ਚੋਟੀ ਦੀਆਂ 10 'ਚ ਜਗ੍ਹਾ ਬਣਾਈ, ਜਦੋਂ ਕਿ ਪੁਰਸ਼ ਚੈਂਪੀਅਨ ਯੈਨਿਕ ਸਿਨਰ ਨੇ ਏਟੀਪੀ ਸੂਚੀ ਵਿੱਚ ਆਪਣੀ ਮਹੱਤਵਪੂਰਨ ਲੀਡ ਨੂੰ ਬਰਕਰਾਰ ਰੱਖਿਆ। ਕੀਜ਼ ਨੇ ਸ਼ਨੀਵਾਰ ਨੂੰ ਚੋਟੀ ਦੀ ਰੈਂਕਿੰਗ ਵਾਲੀ ਆਰੀਨਾ ਸਬਾਲੇਂਕਾ 'ਤੇ ਤਿੰਨ ਸੈੱਟਾਂ ਦੀ ਜਿੱਤ ਨਾਲ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਇਸ ਨਾਲ, ਉਹ ਸੱਤ ਸਥਾਨਾਂ ਦੀ ਛਾਲ ਮਾਰ ਕੇ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ ਜੋ ਕਿ ਉਸਦੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਕੀਜ਼ ਮਹਿਲਾ ਸਿੰਗਲਜ਼ ਵਿੱਚ ਚੋਟੀ ਦੇ 10 ਵਿੱਚ ਥਾਂ ਬਣਾਉਣ ਵਾਲੀ ਚੌਥੀ ਅਮਰੀਕੀ ਖਿਡਾਰਨ ਹੈ। ਕੋਕੋ ਗੌਫ (ਨੰਬਰ 3), ਜੈਸਿਕਾ ਪੇਗੁਲਾ (ਨੰਬਰ 6) ਅਤੇ ਐਮਾ ਨਵਾਰੋ (ਨੰਬਰ 9) ਚੋਟੀ ਦੇ 10 ਵਿੱਚ ਹੋਰ ਅਮਰੀਕੀ ਖਿਡਾਰਨਾਂ ਹਨ। 

ਸਬਾਲੇਂਕਾ ਆਸਟ੍ਰੇਲੀਅਨ ਓਪਨ ਵਿੱਚ ਖਿਤਾਬਾਂ ਦੀ ਹੈਟ੍ਰਿਕ ਪੂਰੀ ਕਰਨ ਵਿੱਚ ਅਸਫਲ ਰਹੀ ਪਰ ਨੰਬਰ ਇੱਕ ਬਣੀ ਹੋਈ ਹੈ। ਉਸ ਤੋਂ ਬਾਅਦ ਇਗਾ ਸਵੈਟੇਕ ਦਾ ਨੰਬਰ ਆਉਂਦਾ ਹੈ, ਜੋ ਸੈਮੀਫਾਈਨਲ ਵਿੱਚ ਕੀਜ਼ ਤੋਂ ਹਾਰ ਗਈ ਸੀ। ਓਲੰਪਿਕ ਸੋਨ ਤਗਮਾ ਜੇਤੂ ਝੇਂਗ ਕਿਨਵੇਨ ਮੈਲਬੌਰਨ ਪਾਰਕ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਤਿੰਨ ਸਥਾਨ ਹੇਠਾਂ ਅੱਠਵੇਂ ਸਥਾਨ 'ਤੇ ਖਿਸਕ ਗਈ ਜਦੋਂ ਕਿ ਪਾਓਲਾ ਬਾਡੋਸਾ ਦੋ ਸਥਾਨ ਉੱਪਰ ਚੋਟੀ ਦੇ 10 ਵਿੱਚ ਪਹੁੰਚ ਗਈ। 

ਪੁਰਸ਼ ਵਰਗ ਵਿੱਚ ਚੋਟੀ ਦੇ ਚਾਰ ਖਿਡਾਰੀਆਂ ਦੀ ਰੈਂਕਿੰਗ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੇ ਸਾਲ ਜੂਨ ਤੋਂ ਨੰਬਰ ਇੱਕ 'ਤੇ ਚੱਲ ਰਹੇ ਸਿਨਰ ਇਸ ਸਥਾਨ 'ਤੇ ਬਣੇ ਹੋਏ ਹਨ ਜਦੋਂ ਕਿ ਫਾਈਨਲ ਵਿੱਚ ਉਨ੍ਹਾਂ ਤੋਂ ਹਾਰਨ ਵਾਲਾ ਅਲੈਗਜ਼ੈਂਡਰ ਜ਼ਵੇਰੇਵ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਉਸ ਤੋਂ ਬਾਅਦ ਕਾਰਲੋਸ ਅਲਕਾਰਾਜ਼ ਅਤੇ ਟੇਲਰ ਫ੍ਰਿਟਜ਼ ਦਾ ਨੰਬਰ ਆਉਂਦਾ ਹੈ। ਲੱਤ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਸੈਮੀਫਾਈਨਲ ਤੋਂ ਹਟਣ ਵਾਲਾ ਨੋਵਾਕ ਜੋਕੋਵਿਚ ਇੱਕ ਸਥਾਨ ਉੱਪਰ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਦੋਂ ਕਿ ਡੈਨਿਲ ਮੇਦਵੇਦੇਵ ਦੋ ਸਥਾਨ ਹੇਠਾਂ ਸੱਤਵੇਂ ਸਥਾਨ 'ਤੇ ਖਿਸਕ ਗਿਆ ਹੈ। 


author

Tarsem Singh

Content Editor

Related News