ਲਿਵਰਪੂਲ ਦੀ ਲਗਾਤਾਰ ਚੌਥੀ ਹਾਰ, ਮਾਨਚੈਸਟਰ ਯੂਨਾਈਟਿਡ ਜਿੱਤਿਆ
Monday, Oct 27, 2025 - 12:26 AM (IST)
ਮਾਨਚੈਸਟਰ– ਮੌਜੂਦਾ ਚੈਂਪੀਅਨ ਲਿਵਰਪੂਲ ਦਾ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਟੂਰਨਾਮੈਂਟ ਵਿਚ ਖਰਾਬ ਪ੍ਰਦਰਸ਼ਨ ਜਾਰੀ ਹੈ ਤੇ ਲਗਾਤਾਰ ਚੌਥੀ ਹਾਰ ਨਾਲ ਖਿਤਾਬ ਬਚਾਉਣ ਦੀਆਂ ਉਸਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਲਿਵਰਪੂਲ ਲਈ ਕੁਝ ਵੀ ਚੰਗਾ ਨਹੀਂ ਚੱਲ ਰਿਹਾ ਹੈ ਤੇ ਬ੍ਰੇਂਟਫੋਰਡ ਤੋਂ 3-2 ਦੀ ਹਾਰ ਨਾਲ ਉਹ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਖਿਸਕ ਗਿਆ ਹੈ। ਸਾਬਕਾ ਚੈਂਪੀਅਨ ਨੂੰ ਜੇਕਰ ਖਿਤਾਬ ਦੀ ਰੱਖਿਆ ਦੀ ਉਮੀਦ ਨੂੰ ਜਿਊਂਦਾ ਰੱਖਣਾ ਹੈ ਤਾਂ ਉਸ ਨੂੰ ਆਪਣੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਕਰਨਾ ਪਵੇਗਾ।
ਇਸ ਵਿਚਾਲੇ ਪਿਛਲੇ ਸੈਸ਼ਨ ਵਿਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਵਾਲੇ ਮਾਨਚੈਸਟਰ ਯੂਨਾਈਟਿਡ ਨੇ ਇਸ ਸੈਸ਼ਨ ਵਿਚ ਅਜੇ ਤੱਕ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਬ੍ਰਾਈਟਨ ਵਿਰੁੱਧ 4-2 ਨਾਲ ਜਿੱਤ ਦਰਜ ਕੀਤੀ, ਜਿਸ ਨਾਲ ਉਹ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਮੌਜੂਦਾ ਸੈਸ਼ਨ ਵਿਚ ਹਾਲਾਂਕਿ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਸੁੰਦਰਲੈਂਡ ਨੇ ਕੀਤਾ ਹੈ। ਉਹ ਚੇਲਸੀ ’ਤੇ 2-1 ਦੀ ਜਿੱਤ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ।
