ਕੇਰਲ ਆਵੇਗਾ ਮੈਸੀ, ਨਵੰਬਰ ’ਚ ਖੇਡੇਗਾ ਦੋਸਤਾਨਾ ਮੈਚ
Sunday, Aug 24, 2025 - 02:23 PM (IST)

ਤਿਰੂਵਨੰਤਪੁਰਮ (ਏਜੰਸੀ)– ਕੇਰਲ ਦੇ ਖੇਡ ਮੰਤਰੀ ਬੀ. ਅਬਦੁਰਹਮਾਨ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਫੁੱਟਬਾਲ ਸੁਪਰਸਟਾਰ ਲਿਓਨਿਲ ਮੈਸੀ ਸਮੇਤ ਅਰਜਨਟੀਨਾ ਦੀ ਟੀਮ ਇਸ ਸਾਲ ਨਵੰਬਰ ਵਿਚ ਕੇਰਲ ਵਿਚ ਦੋਸਤਾਨਾ ਮੈਚ ਖੇਡਣ ਆਵੇਗੀ।
ਅਰਜਨਟੀਨਾ ਫੁੱਟਬਾਲ ਸੰਘ (ਏ. ਐੱਫ. ਏ.) ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਕਿ ਮੈਨੇਜਰ ਲਿਓਨਿਲ ਸਕਾਲੋਨੀ ਦੀ ਅਰਜਨਟੀਨਾ ਟੀਮ ਅੰਗੋਲਾ ਦੇ ਲੁਆਂਡਾ ਤੇ ਕੇਰਲ ਵਿਚ ਦੋਸਤਾਨਾ ਮੈਚ ਖੇਡੇਗੀ। ਇਸ ਤੋਂ ਬਾਅਦ ਕੇਰਲ ਦੇ ਖੇਡ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਰਲ ਨੇ ਏ. ਐੱਫ. ਏ. ਨੂੰ ਮੈਚ ਇਸ ਸਾਲ ਅਕਤੂਬਰ ਜਾਂ ਨਵੰਬਰ ਵਿਚ ਖੇਡਣ ਦੀ ਅਪੀਲ ਕੀਤੀ ਸੀ।
ਉਸ ਨੇ ਕਿਹਾ, ‘‘ਪਹਿਲਾਂ ਏ. ਐੱਫ. ਏ. 2026 ਵਿਚ ਇਹ ਮੈਚ ਖੇਡਣਾ ਚਾਹੁੰਦਾ ਸੀ। ਅਸੀਂ ਉਸ ਨੂੰ ਅਪੀਲ ਕੀਤੀ ਕਿ ਕੇਰਲ ਵਿਚ ਮੈਚ ਇਸ ਸਾਲ ਖੇਡੇ। ਹੁਣ ਏ. ਐੱਫ. ਏ. ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। ਅਸੀਂ 2022 ਵਿਸ਼ਵ ਕੱਪ ਜੇਤੂ ਅਰਜਨਟੀਨਾ ਨੂੰ ਇੱਥੇ ਲਿਆਉਣਾ ਚਾਹੁੰਦੇ ਸੀ।’’
ਅਹਦੁਰਹਮਾਨ ਨੇ ਕਿਹਾ ਕਿ ਅਰਜਨਟੀਨਾ ਫੁੱਟਬਾਲ ਟੀਮ ਨੂੰ ਕੇਰਲ ਲਿਆਉਣ ਲਈ ਕਾਫੀ ਮਿਹਨਤ ਕੀਤੀ ਗਈ ਹੈ। ਅਸੀਂ ਬਾਕੀ ਪ੍ਰਬੰਧਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਜਲਦ ਹੀ ਮੁੱਖ ਮੰਤਰੀ ਨਾਲ ਇਸਦੇ ਬਿਓਰੇ ’ਤੇ ਗੱਲ ਕਰਾਂਗੇ।