ਲਾਲਰੇਮਸਿਆਮੀ ਬਣੀ 'ਰਾਈਜ਼ਿੰਗ ਸਟਾਰ ਆਫ ਦਿ ਯੀਅਰ'

02/11/2020 6:46:49 PM

ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਦੀ ਸਟ੍ਰਾਈਕਰ ਲਾਲਰੇਮਸਿਆਮੀ ਐੱਫ. ਆਈ. ਐੱਚ. ਰਾਈਜਿੰਗ ਸਟਾਰ ਆਫ ਦਿ ਯੀਅਰ ਚੁਣੀ ਗਈ ਹੈ। ਹਾਕੀ ਇੰਡੀਆ ਨੇ ਲਾਲਰੇਮਸਿਆਮੀ ਨੂੰ ਇਸ ਪੁਰਸਕਾਰ ਲਈ ਵਧਾਈ ਦਿੱਤੀ ਹੈ। ਸਾਲ 2018 ਵਿਚ ਡੈਬਿਊ ਕਰਨ ਵਾਲੀ ਲਾਲਰੇਮਸਿਆਮੀ ਨੇ 2019 ਵਿਚ ਹਿਰੋਸ਼ਿਮਾ ਵਿਚ ਹੋਈ ਐੱਫ. ਆਈ. ਐੱਚ. ਮਹਿਲਾ ਹਾਕੀ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸਨੇ ਪਿਛਲੇ ਸਾਲ ਨਵੰਬਰ ਵਿਚ ਹੋਏ ਓਲੰਪਿਕ ਕੁਆਲੀਫਾਇਰ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿੱਥੇ ਭਾਰਤ ਨੇ ਅਮਰੀਕਾ ਨੂੰ ਹਰਾ ਕੇ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕੀਤੀ ਸੀ।

ਇਸ ਐਵਾਰਡ ਨੂੰ ਜਿੱਤਣ 'ਤੇ ਲਾਲਰੇਮਸਿਆਮੀ ਨੇ ਕਿਹਾ, ''ਮੈਂ ਇਹ ਐਵਾਰਡ ਜਿੱਤ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਲਈ ਬਹੁਤ ਵੱਡਾ ਪਲ ਹੈ ਤੇ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ , ਜਿਨ੍ਹਾਂ ਨੇ ਮੈਨੂੰ ਵੋਟ ਦੇ ਕੇ ਇਹ ਐਵਾਰਡ ਜਿਤਾਇਆ। ਇਸ ਤੋਂ ਮੈਨੂੰ ਬਿਹਤਰ ਕਰਨ  ਦੀ ਪ੍ਰੇਰਣਾ ਮਿਲੀ ਹੈ। ਮੈਂ ਆਪਣੀ ਟੀਮ ਦੀਆਂ ਮੈਂਬਰਾਂ ਨੂੰ ਵੀ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਹੜਾ ਹਮੇਸ਼ਾ ਮੇਰਾ ਨਾਲ ਖੜ੍ਹੀਆਂ ਰਹੀਆਂ ਹਨ ਤੇ ਮੇਰਾ ਮਨੋਬਲ ਵਧਾਇਆ।''

ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ, ''ਮੈਂ ਲਾਲਰੇਮਸਿਆਮੀ ਨੂੰ ਰਾਈਜ਼ਿੰਗ ਸਟਾਰ ਆਫ ਦਿ ਯੀਅਰ ਦਾ ਐਵਾਰਡ ਜਿੱਤਣ 'ਤੇ ਵਧਾਈ ਦਿੰਦਾ ਹਾਂ। ਉਹ ਮਿਜੋਰਮ ਵਿਚ ਨੌਜਵਾਨਾਂ ਲਈ ਇਕ ਪ੍ਰੇਰਣਾ ਹੈ ਤੇ ਉਸ ਨੇ ਟੀਮ ਲਈ ਕਾਫੀ ਕੁਝ ਕੀਤਾ ਹੈ। ਮੈਂ ਉਸ ਨੂੰ ਭਵਿੱਖ ਦੇ ਟੂਰਨਾਮੈਂਟਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।'' ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਟੀਮ ਦੇ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਨੂੰ ਵੀ ਰਾਈਜਿੰਗ ਸਟਾਰ ਆਫ ਦਿ ਯੀਅਰ ਚੁਣਿਆ ਗਿਆ ਸੀ।

 


Related News