ਦਿੱਲੀ ਰਣਜੀ ਸੰਭਾਵਿਤ ਖਿਡਾਰੀਆਂ ਦੀ ਸੂਚੀ ’ਚ ਕੋਹਲੀ ਤੇ ਪੰਤ ਵੀ ਸ਼ਾਮਲ

Wednesday, Sep 25, 2024 - 05:31 PM (IST)

ਨਵੀਂ ਦਿੱਲੀ–ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਤੇ ਹਮਲਾਵਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੂੰ ਦਿੱਲੀ ਦੀ ਰਣਜੀ ਟਰਾਫੀ ਟੀਮ ਦੇ ਸੰਭਾਵਿਤ ਖਿਡਾਰੀਆਂ ਦੀ 84 ਮੈਂਬਰੀ ਵੱਡੀ ਸੂਚੀ ਵਿਚ ਜਗ੍ਹਾ ਮਿਲੀ ਹੈ ਪਰ ਇਨ੍ਹਾਂ ਦੋਵਾਂ ਦੇ ਪੂਰੇ ਸੈਸ਼ਨ ਦੌਰਾਨ ਟੀਮ ਵੱਲੋਂ ਲਾਲ ਗੇਂਦ ਦੇ ਕਿਸੇ ਮੁਕਾਬਲੇ ਲਈ ਉਪਲੱਬਧ ਰਹਿਣ ਦੀ ਸੰਭਾਵਨਾ ਨਹੀਂ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਨੂੰ ਹਾਲਾਂਕਿ ਇਸ ਸੂਚੀ ਵਿਚ ਜਗ੍ਹਾ ਨਹੀਂ ਮਿਲੀ ਹੈ। ਦੇਸ਼ ਦੇ ਸਭ ਤੋਂ ਤੇਜ਼ ਗੇਂਦਬਾਜ਼ ਮਯੰਕ ਯਾਦਵ ਤੇ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦੇ ਇਕ ਹੋਰ ਦਾਅਵੇਦਾਰ ਹਰਸ਼ਿਤ ਰਾਣਾ ਸੰਭਾਵਿਤ ਖਿਡਾਰੀਆਂ ਵਿਚ ਸ਼ਾਮਲ ਹਨ। 
ਕੋਹਲੀ ਨੇ ਦਿੱਲੀ ਲਈ ਪਿਛਲੀ ਵਾਰ 2012 ਵਿਚ ਗਾਜ਼ਿਆਬਾਦ ਵਿਚ ਉੱਤਰ ਪ੍ਰਦੇਸ਼ ਵਿਰੁੱਧ ਰਣਜੀ ਟਰਾਫੀ ਮੈਚ ਖੇਡਿਆ ਸੀ ਜਦਕਿ ਪੰਤ ਪਿਛਲੀ ਵਾਰ ਟੀਮ ਵੱਲੋਂ ਲਾਲ ਗੇਂਦ ਦਾ ਮੁਕਾਬਲਾ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਖੇਡਿਆ ਸੀ। ਡੀ. ਡੀ. ਸੀ.ਏ. ਦੇ ਇਕ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਕਿਹਾ,‘‘ਇਹ ਇਕ ਪ੍ਰੋਟੋਕਾਲ ਹੈ। ਉਹ ਸਾਡੇ ਰਜਿਸਟਰਡ ਖਿਡਾਰੀ ਹਨ ਤੇ ਜੇਕਰ ਉਹ ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਨਾਂ ਸੰਭਾਵਿਤ ਖਿਡਾਰੀਆਂ ਦੀ ਸੂਚੀ ਵਿਚ ਪਾਉਣਾ ਸਾਡੀ ਜ਼ਿੰਮੇਵਾਰੀ ਹੈ।’’
100 ਟੈਸਟ ਖੇਡਣ ਵਾਲੇ 35 ਸਾਲਾ ਇਸ਼ਾਂਤ ਦੇ ਮਾਮਲੇ ਵਿਚ ਇਹ ਸਮਝਿਆ ਜਾਂਦਾ ਹੈ ਕਿ ਉਸਦੇ ਰਣਜੀ ਟਰਾਫੀ ਖੇਡਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਹੁਣ ਉਹ ਰਾਸ਼ਟਰੀ ਟੀਮ ਦੀਆਂ ਯੋਜਨਾਵਾਂ ਵਿਚ ਸ਼ਾਮਲ ਨਹੀਂ ਹੈ। ਈਸ਼ਾਂਤ ਪਹਿਲੀ ਦਿੱਲੀ ਪ੍ਰੀਮੀਅਰ ਲੀਗ (ਡੀ. ਪੀ. ਐੱਲ.) ਵਿਚ ਵੀ ਨਹੀਂ ਖੇਡਿਆ ਸੀ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਉਹ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਲਈ ਖੁਦ ਨੂੰ ਉਪਲੱਬਧ ਕਰਵਾਉਂਦਾ ਹੈ ਜਾਂ ਨਹੀਂ। ਇਹ ਟੀ-20 ਟੂਰਨਾਮੈਂਟ ਆਈ. ਪੀ. ਐੱਲ. ਨਿਲਾਮੀ ਤੋਂ ਠੀਕ ਪਹਿਲਾਂ ਆਯੋਜਿਤ ਕੀਤਾ ਜਾਵੇਗਾ। ਉਸਦੇ ਮੁਕਾਬਲੇਬਾਜ਼ੀ ਕ੍ਰਿਕਟ ਤੋਂ ਸੰਨਿਆਸ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।


Aarti dhillon

Content Editor

Related News