ਸੰਤੋਸ਼ ਟਰਾਫੀ ''ਚ ਕਰਨਾਟਕ ਤੇ ਪੰਜਾਬ ਜਿੱਤੇ
Monday, Apr 15, 2019 - 09:12 PM (IST)

ਲੁਧਿਆਣਾ— ਪੰਜਾਬ ਨੇ ਸੋਮਵਾਰ ਨੂੰ ਇੱਥੇ ਸੰਤੋਸ਼ ਟਰਾਫੀ ਲਈ 73ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ 8ਵੇਂ ਦਿਨ ਗਰੁੱਪ-ਬੀ ਦੇ ਮੈਚ ਵਿਚ ਸਿੱਕਮ ਨੂੰ 1-0 ਨਾਲ ਹਰਾਇਆ, ਜਦਕਿ ਕਰਨਾਟਕ ਨੇ ਅਸਮ ਨੂੰ 5-1 ਨਾਲ ਹਰਾਇਆ। ਦਿਨ ਦੇ ਪਹਿਲੇ ਮੈਚ ਵਿਚ ਕਰਨਾਟਕ ਨੂੰ ਅਸਮ ਨੂੰ ਹਰਾਉਣ ਵਿਚ ਵੱਧ ਮਿਹਨਤ ਨਹੀਂ ਕਰਨੀ ਪਈ। ਕਰਨਾਟਕ ਨੂੰ 16ਵੇਂ ਮਿੰਟ ਵਿਚ ਬਿਸਵ ਕੇ. ਆਰ. ਦਾਰਜੀ ਨੇ ਬੜ੍ਹਤ ਦਿਵਾਈ ਤੇ ਫਿਰ ਨਾਓਰੇਮ ਰੋਸ਼ਨ ਸਿੰਘ ਨੇ ਦੋ ਹੋਰ ਗੋਲ ਕਰ ਕੇ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਕਪਤਾਨ ਵਿਗਨੇਸ਼ ਗੁਣਾਸ਼ੇਖਰ ਨੇ 31ਵੇਂ ਮਿੰਟ ਵਿਚ ਸਕੋਰ 4-0 ਕੀਤਾ ਜਦਕਿ ਮੇਗੇਸ਼ ਸੇਲਵਾ ਨੇ ਟੀਮ ਵਲੋਂ ਪੰਜਵਾਂ ਗੋਲ ਕੀਤਾ। ਅਸਮ ਵਲੋਂ ਇਕਲੌਤਾ ਗੋਲ 37ਵੇਂ ਮਿੰਟ ਵਿਚ ਬਿਸ਼ਣੂ ਬੋਰਦੋਲੇਈ ਨੇ ਕੀਤਾ। ਅਸਮ ਦੀ ਇਹ ਲਗਾਤਾਰ ਤੀਜੀ ਹਾਰ ਹੈ।
ਦੂਜੇ ਪਾਸੇ ਪੰਜਾਬ ਤੇ ਸਿੱਕਮ ਵਿਚਾਲੇ ਮੁਕਾਬਲਾ ਨੇੜਲਾ ਰਿਹਾ। ਮੈਚ ਦਾ ਇਕਲੌਤਾ ਗੋਲ ਪੰਜਾਬ ਦੇ ਕਪਤਾਨ ਤਰਨਜੀਤ ਸਿੰਘ ਨੇ 20ਵੇਂ ਮਿੰਟ ਵਿਚ ਕੀਤਾ। ਇਸ ਜਿੱਤ ਨਾਲ ਪੰਜਾਬ ਦੇ ਤਿੰਨ ਮੈਚਾਂ ਵਿਚੋਂ 6 ਅੰਕ ਹੋ ਗਏ ਹਨ ਤੇ ਉਸ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਦੀ ਉਮੀਦ ਜਿਊਂਦੀ ਰੱਖੀ ਹੈ।