ਮੈਸੀ ਦੀ ਗੈਰ-ਹਾਜ਼ਰੀ ’ਚ ਇੰਟਰ ਮਿਆਮੀ ਦੀ ਕਰਾਰੀ ਹਾਰ
Tuesday, Aug 12, 2025 - 12:45 AM (IST)

ਸਪੋਰਟਸ ਡੈਸਕ– ਇੰਟਰ ਮਿਆਮੀ ਨੂੰ ਸੁਪਰ ਸਟਾਰ ਲਿਓਨਿਲ ਮੈਸੀ ਦੀ ਗੈਰ-ਹਾਜ਼ਰੀ ਵਿਚ ਮੇਜਰ ਲੀਗ ਸਾਕਰ ਫੁੱਟਬਾਲ ਟੂਰਨਾਮੈਂਟ ਦੇ ਇਕ ਮੈਚ ਵਿਚ ਓਰਲੈਂਡੋ ਸਿਟੀ ਹੱਥੋਂ 4-1 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।ਮੈਸੀ ਸੱਜੇ ਪੈਰ ਵਿਚ ਲੱਗੀ ਸੱਟ ਕਾਰਨ ਇਸ ਮੈਚ ਵਿਚ ਨਹੀਂ ਖੇਡ ਸਕਿਆ ਤੇ ਮਿਆਮੀ ਨੂੰ ਉਸਦੀ ਵੱਡੀ ਕਮੀ ਮਹਿਸੂਸ ਹੋਈ। ਇਸ 38 ਸਾਲਾ ਖਿਡਾਰੀ ਨੂੰ ਇਹ ਸੱਟ 2 ਅਗਸਤ ਨੂੰ ਨੇਕਾਕਸਾ ਵਿਰੁੱਧ ਲੀਗ ਕੱਪ ਮੈਚ ਵਿਚ ਲੱਗੀ ਸੀ।
ਮੈਸੀ ਨੇ ਆਪਣੇ ਕਲੱਬ ਦੇ 23 ਮੈਚਾਂ ਵਿਚੋਂ 18 ਮੈਚਾਂ ਵਿਚ ਖੇਡਦੇ ਹੋਏ 18 ਗੋਲ ਕੀਤੇ ਹਨ। ਓਰਲੈਂਡੋ ਸਿਟੀ ਵੱਲੋਂ ਲੂਈਸ ਮੁਰੀਲ ਨੇ ਹਰੇਕ ਹਾਫ ਵਿਚ ਇਕ ਗੋਲ ਕੀਤਾ ਜਦਕਿ ਮਾਰਟਿਨ ਓਜੇਡਾ ਨੇ ਇਕ ਗੋਲ ਕਰਨ ਤੋਂ ਇਲਾਵਾ ਇਕ ਗੋਲ ਵਿਚ ਮਦਦ ਕੀਤੀ। ਮੁਰੀਲ ਨੇ ਓਜੇਡਾ ਦੀ ਮਦਦ ਨਾਲ ਦੂਜੇ ਮਿੰਟ ਵਿਚ ਗੋਲ ਕਰ ਕੇ ਓਰਲੈਂਡੋ ਸਿਟੀ ਨੂੰ ਬੜ੍ਹਤ ਦਿਵਾਈ ਜਿਹੜੀ ਸਿਰਫ 3 ਮਿੰਟ ਤੱਕ ਕਾਇਮ ਰਹੀ। ਯਾਨਿਕ ਬ੍ਰਾਇਟ ਨੇ ਆਪਣੇ 40ਵੇਂ ਮੈਚ ਵਿਚ ਆਪਣਾ ਪਹਿਲਾ ਗੋਲ ਕਰ ਕੇ ਇੰਟਰ ਮਿਆਮੀ ਨੂੰ ਬਰਾਬਰੀ ’ਤੇ ਲਿਆ ਦਿੱਤਾ। ਓਰਲੈਂਡੋ ਸਿਟੀ ਨੇ ਦੂਜੇ ਹਾਫ ਦੇ 5 ਮਿੰਟ ਬਾਅਦ ਮੁਰੀਲ ਦੇ ਅੱਠਵੇਂ ਗੋਲ ਦੀ ਮਦਦ ਨਾਲ 2-1 ਦੀ ਬੜ੍ਹਤ ਬਣਾ ਲਈ। ਓਜੇਡਾ ਨੇ 58ਵੇਂ ਮਿੰਟ ਵਿਚ ਤੇ ਚਮਾਰਕੋ ਪਾਸਾਲਿਕ ਨੇ 88ਵੇਂ ਮਿੰਟ ਵਿਚ ਬਿਨਾਂ ਕਿਸੇ ਮਦਦ ਦੇ ਗੋਲ ਕਰ ਕੇ ਓਰਲੈਂਡੋ ਸਿਟੀ ਦੀ ਵੱਡੀ ਜਿੱਤ ਤੈਅ ਕੀਤੀ।